ਬਿਜਲੀ ਦੇ ਬਿੱਲ ਭਰਨ ਲਈ ਜ਼ਿਲ੍ਹੇ ਦੇ 342 ਸਕੂਲਾਂ ਨੂੰ 1.11 ਕਰੋੜ ਰੁਪਏ ਦੀ ਰਾਸ਼ੀ ਜਾਰੀ
ਬਿਜਲੀ ਦੇ ਬਿੱਲ ਭਰਨ ਲਈ ਜ਼ਿਲ੍ਹੇ ਦੇ 342 ਸਕੂਲਾਂ ਨੂੰ 1.11 ਕਰੋੜ ਰੁਪਏ ਦੀ ਰਾਸ਼ੀ ਜਾਰੀ
Publish Date: Thu, 26 Mar 2026 06:17 PM (IST)
Updated Date: Thu, 26 Mar 2026 06:20 PM (IST)

- ਇੱਕ ਸਕੂਲ ਨੂੰ ਸਿਰਫ਼ 294 ਰੁਪਏ ਹੀ ਮਿਲੇ, ਚਾਰ ਸਕੂਲਾਂ ਨੂੰ ਦੋ ਲੱਖ ਤੋਂ ਵੱਧ ਰਾਸ਼ੀ ਮਿਲੀ, 17 ਸਕੂਲਾਂ ਨੂੰ ਪੰਜ ਹਜ਼ਾਰ ਤੋਂ ਘੱਟ ਦੀ ਰਾਸ਼ੀ ਮਿਲੀ - 5 ਸਕੂਲਾਂ ਨੂੰ ਦੋ ਹਜ਼ਾਰ ਤੋਂ ਘੱਟ ਰਾਸ਼ੀ ਮਿਲੀ, 6 ਸਕੂਲਾਂ ਨੂੰ 1.70 ਲੱਖ ਤੋਂ ਵੱਧ ਦੀ ਰਾਸ਼ੀ ਜਾਰੀ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਪੰਜਾਬ ਸਰਕਾਰ ਵੱਲੋਂ ਸਿੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸਰਕਾਰੀ ਸਕੂਲਾਂ ਦੀਆਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਜ਼ਿਲ੍ਹੇ ਦੇ 243 ਸਰਕਾਰੀ ਸਕੂਲਾਂ ਲਈ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਵਾਸਤੇ 1 ਕਰੋੜ 11 ਲੱਖ 39 ਹਜ਼ਾਰ 678 ਰੁਪਏ ਦੀ ਵੱਡੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਫ਼ੈਸਲੇ ਨੂੰ ਸਕੂਲੀ ਪ੍ਰਬੰਧਨ ਅਤੇ ਸਿੱਖਿਆ ਨਾਲ ਜੁੜੇ ਵਰਗ ਵੱਲੋਂ ਸਵਾਗਤਯੋਗ ਕਦਮ ਮੰਨਿਆ ਜਾ ਰਿਹਾ ਹੈ, ਕਿਉਂਕਿ ਬਿਜਲੀ ਦੇ ਬਕਾਇਆ ਬਿੱਲ ਕਈ ਵਾਰ ਸਕੂਲਾਂ ਦੇ ਰੋਜ਼ਾਨਾ ਕੰਮਕਾਜ ’ਤੇ ਅਸਰ ਪਾਉਦੇ ਹਨ। ਕਈ ਸਕੂਲਾਂ ਨੂੰ ਬਹੁਤ ਘੱਟ ਰਾਸ਼ੀ ਜਾਰੀ ਕੀਤੀ ਗਈ ਹੈ, ਜਿਸ ਕਾਰਨ ਰਾਸ਼ੀ ਦੀ ਇਸ ਵੰਡ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਜਾਰੀ ਕੀਤੀ ਗਈ ਇਹ ਰਾਸ਼ੀ ਵੱਖ-ਵੱਖ ਸਕੂਲਾਂ ਦੀ ਲੋੜ ਅਤੇ ਬਕਾਇਆ ਬਿੱਲਾਂ ਦੇ ਆਧਾਰ ’ਤੇ ਵੰਡ ਕੀਤੀ ਗਈ ਹੈ। ਕੁਝ ਵੱਡੇ ਅਤੇ ਵਧੇਰੇ ਵਿਦਿਆਰਥੀਆਂ ਵਾਲੇ ਸਕੂਲਾਂ ਨੂੰ ਉਨ੍ਹਾਂ ਦੇ ਉੱਚ ਬਿਜਲੀ ਖ਼ਰਚੇ ਦੇ ਮੱਦੇਨਜ਼ਰ ਵੱਧ ਰਾਸ਼ੀ ਦਿੱਤੀ ਗਈ ਹੈ। ਅੰਕੜਿਆਂ ਮੁਤਾਬਿਕ 4 ਸਰਕਾਰੀ ਸਕੂਲ ਅਜਿਹੇ ਹਨ, ਜਿਨ੍ਹਾਂ ਨੂੰ 2 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਅਲਾਟ ਕੀਤੀ ਗਈ ਹੈ। ਇਹ ਸਕੂਲ ਆਮ ਤੌਰ ’ਤੇ ਵੱਡੇ ਕੈਂਪਸ, ਵਧੇਰੇ ਕਲਾਸਰੂਮਾਂ ਅਤੇ ਬਿਜਲੀ ਦੇ ਵਧੇਰੇ ਉਪਭੋਗ ਕਾਰਨ ਉੱਚ ਖ਼ਰਚੇ ਵਾਲੇ ਮੰਨੇ ਜਾਂਦੇ ਹਨ। ਇਸ ਤੋਂ ਇਲਾਵਾ 6 ਸਰਕਾਰੀ ਸਕੂਲਾਂ ਨੂੰ 1.70 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਹ ਵੀ ਉਹ ਸਕੂਲ ਹਨ ਜਿੱਥੇ ਬਿਜਲੀ ਦੀ ਖਪਤ ਕਾਫ਼ੀ ਹੈ ਅਤੇ ਬਕਾਇਆ ਰਕਮ ਵੱਡੀ ਸੀ। ਸਰਕਾਰ ਵੱਲੋਂ ਇਹ ਯਕੀਨੀ ਬਣਾਇਆ ਗਿਆ ਹੈ ਕਿ ਕਿਸੇ ਵੀ ਸਕੂਲ ਦੀ ਬਿਜਲੀ ਸੇਵਾ ਬਕਾਇਆ ਬਿੱਲਾਂ ਕਾਰਨ ਪ੍ਰਭਾਵਿਤ ਨਾ ਹੋਵੇ, ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਕੋਈ ਰੁਕਾਵਟ ਨਾ ਆਵੇ। ਦੂਜੇ ਪਾਸੇ ਕੁਝ ਸਕੂਲ ਅਜਿਹੇ ਵੀ ਹਨ ਜਿੱਥੇ ਬਿਜਲੀ ਦੀ ਖਪਤ ਕਾਫ਼ੀ ਘੱਟ ਹੈ ਜਾਂ ਪਹਿਲਾਂ ਹੀ ਬਕਾਇਆ ਘੱਟ ਸੀ। 17 ਸਕੂਲਾਂ ਨੂੰ ਪੰਜ ਹਜ਼ਾਰ ਰੁਪਏ ਤੋਂ ਘੱਟ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ 5 ਸਕੂਲਾਂ ਨੂੰ 2 ਹਜ਼ਾਰ ਰੁਪਏ ਤੋਂ ਵੀ ਘੱਟ ਦੀ ਰਾਸ਼ੀ ਦਿੱਤੀ ਗਈ ਹੈ। ਇਨ੍ਹਾਂ ਸਾਰਿਆਂ ਵਿੱਚ ਸਭ ਤੋਂ ਧਿਆਨਯੋਗ ਮਾਮਲਾ ਇਕ ਅਜਿਹੇ ਸਕੂਲ ਦਾ ਹੈ ਜਿਸ ਨੂੰ ਸਿਰਫ਼ 294 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਸਕੂਲ ਦਾ ਨਾਮ ਸਰਕਾਰੀ ਹਾਈ ਸਕੂਲ ਚੁੱਘੇ ਖੁਰਦ ਹੈ। ਇੰਨੀ ਘੱਟ ਰਾਸ਼ੀ ਜਾਰੀ ਹੋਣਾ ਕਈ ਸਵਾਲ ਖੜ੍ਹੇ ਕਰਦਾ ਹੈ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਰਾਸ਼ੀ ਸਮੇਂ-ਸਿਰ ਜਾਰੀ ਕਰਨ ਦਾ ਮਕਸਦ ਸਕੂਲਾਂ ਨੂੰ ਆਰਥਿਕ ਦਬਾਅ ਤੋਂ ਬਚਾਉਣਾ ਹੈ। ਬਿਜਲੀ ਵਰਗੀਆਂ ਬੁਨਿਆਦੀ ਸਹੂਲਤਾਂ ਬਿਨਾਂ ਸਿੱਖਿਆ ਪ੍ਰਣਾਲੀ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਚੱਲ ਸਕਦੀ। ਇਸ ਲਈ ਸਰਕਾਰ ਵੱਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਹਰ ਸਕੂਲ ਨੂੰ ਉਸ ਦੀ ਲੋੜ ਅਨੁਸਾਰ ਵਿੱਤੀ ਸਹਾਇਤਾ ਮਿਲੇ। 5 ਹਜ਼ਾਰ ਤੋਂ ਘੱਟ ਰਾਸ਼ੀ ਵਾਲੇ ਸਕੂਲ : ਸਰਕਾਰੀ ਮਿਡਲ ਸਕੂਲ ਹਾਜੀ ਰਤਨ 3410 ਰੁਪਏ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲਾਡੇ ਵਾਲਾ ਨੂੰ 4160, ਸਰਕਾਰੀ ਹਾਈ ਸਕੂਲ ਸਰਦਾਰਗੜ੍ਹ ਨੂੰ 4596 ਰੁਪਏ ਸਰਕਾਰੀ ਹਾਈ ਸਕੂਲ ਚੁੱਗੇ ਖੁਰਦ 294ਏ ਸਰਕਾਰੀ ਮਿਡਲ ਸਕੂਲ ਮਸਾਣਾ 1290 ਰੁਪਏ ਸਰਕਾਰੀ ਹਾਈ ਸਕੂਲ ਖਿਆਲੀ ਵਾਲਾ 4950 ਰੁਪਏ, ਸਰਕਾਰੀ ਮਿਡਲ ਸਕੂਲ ਮਹਿਮਾ ਭਗਵਾਨਾ 1510 ਰੁਪਏ, ਸ਼੍ਰੀ ਪੀਐੱਮ ਗਰਲਜ਼ ਹਾਈ ਸਕੂਲ ਕੋਠਾ ਗੁਰੂ ਨੂੰ 3500 ਰੁਪਏ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਈਆ 3810 ਰੁਪਏ, ਸਰਕਾਰੀ ਹਾਈ ਸਕੂਲ ਜਿਉਂਦ 3756 ਰੁਪਏ, ਸਰਕਾਰੀ ਮਿਡਲ ਸਕੂਲ ਬਦਿਆਲਾ 4110 ਰੁਪਏ, ਸਰਕਾਰੀ ਹਾਈ ਸਕੂਲ ਆਦਮਪੁਰਾ 1814, ਸਰਕਾਰੀ ਮਿਡਲ ਸਕੂਲ ਸੂਚ 2380, ਸਰਕਾਰੀ ਮਿਡਲ ਸਕੂਲ ਸੁੱਖਾ ਸਿੰਘ ਵਾਲਾ 3750, ਸਰਕਾਰੀ ਹਾਈ ਸਕੂਲ ਜੱਜਲ 4450, ਸਰਕਾਰੀ ਹਾਈ ਸਕੂਲ ਬੁਰਜ ਮਾਨਸਾ 2035 ਰੁਪਏ ਅਤੇ ਸਰਕਾਰੀ ਹਾਈ ਸਕੂਲ ਭਾਈ ਬਖਤੌਰ 3360 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। 5 ਸਕੂਲਾਂ ਨੂੰ ਦੋ ਹਜ਼ਾਰ ਤੋਂ ਘੱਟ : ਜ਼ਿਲ੍ਹੇ ਦੇ ਪੰਜ ਸਕੂਲ ਅਜਿਹੀ ਵੀ ਹਨ, ਜਿਨ੍ਹਾਂ ਨੂੰ 2000 ਰੁਪਏ ਤੋਂ ਘੱਟ ਦੀ ਰਾਸ਼ੀ ਮਿਲੀ ਹੈ। ਇਨ੍ਹਾਂ ਵਿੱਚ ਸਰਕਾਰੀ ਮਿਡਲ ਸਕੂਲ ਮਛਾਣਾ ਨੂੰ 1290 ਰੁਪਏ, ਸਰਕਾਰੀ ਮਿਡਲ ਸਕੂਲ ਮਹਿਮਾ ਭਗਵਾਨਾ ਨੂੰ 1510 ਰੁਪਏ, ਸਰਕਾਰੀ ਹਾਈ ਸਕੂਲ ਆਦਮਪੁਰਾ ਨੂੰ 1814 ਰੁਪਏ ਦੀ ਰਾਸ਼ੀ ਮਿਲੀ ਹੈ। 4 ਸਕੁਲਾਂ ਨੂੰ ਦੋ ਲੱਖ ਤੋਂ ਵੱਧ : ਜ਼ਿਲ੍ਹੇ ਦੇ ਚਾਰ ਸਰਕਾਰੀ ਸਕੂਲਾਂ ਨੂੰ ਦੋ ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ। ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੈਨਾਲ ਕਾਲੋਨੀ 2 ਲੱਖ 41 ਹਜ਼ਾਰ 284 ਰੁਪਏ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਨਗਰ ਨੂੰ 2 ਲੱਖ 10 ਹਜ਼ਾਰ 904 ਰੁਪਏ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਬਠਿੰਡਾ ਨੂੰ 2 ਲੱਖ 8 ਹਜ਼ਾਰ 525 ਰੁਪਏ, ਸਰਕਾਰੀ ਐਮੀਨੈਂਸ ਸਕੂਲ ਕੋਟ ਸ਼ਮੀਰ ਨੂੰ 2 ਲੱਖ 59 ਹਜ਼ਾਰ 969 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। 6 ਸਕੂਲਾਂ ਨੂੰ 1.70 ਲੱਖ ਤੋਂ ਵੱਧ : ਜ਼ਿਲ੍ਹੇ ਦੇ 6 ਸਰਕਾਰੀ ਸਕੂਲਾਂ ਨੂੰ 1 ਲੱਖ 70 ਹਜ਼ਾਰ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਨਗਰ ਨੂੰ 1 ਲੱਖ 72 ਹਜ਼ਾਰ 210 ਰੁਪਏ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਗਿੱਲ ਨੂੰ 1 ਲੱਖ 93 ਹਜ਼ਾਰ 640 ਰੁਪਏ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਗਤਾ ਨੂੰ 1 ਲੱਖ 83 ਹਜ਼ਾਰ 3030 ਰੁਪਏ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਨਿਆਣਾ ਨੂੰ 1 ਲੱਖ 74 ਹਜ਼ਾਰ 650 ਰੁਪਏ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗਤ ਨੂੰ 1 ਲੱਖ 73 ਹਜ਼ਾਰ 790 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ।