ਪੰਜ ਸਾਲਾਂ ’ਚ 137 ਫ਼ੀਸਦੀ ਵਧੇ ਵਾਹਨ, ਟ੍ਰੈਫਿਕ ਜਾਮ ਦੀ ਸਮੱਸਿਆ ਵਧੀ
ਪੰਜ ਸਾਲਾਂ ਵਿੱਚ 137 ਫੀਸਦ ਵਧੇ ਵਾਹਨ, ਟ੍ਰੈਫਿਕ ਜਾਮ ਦੀ ਸਮੱਸਿਆ ਵਧੀ, ਪੁਰਾਣੀਆਂ ਸੜਕਾਂ ਕਾਰਨ ਸਮੱਸਿਆਵਾਂ
Publish Date: Thu, 26 Mar 2026 04:41 PM (IST)
Updated Date: Thu, 26 Mar 2026 04:44 PM (IST)

- ਪੁਰਾਣੀਆਂ ਸੜਕਾਂ ਕਾਰਨ ਸਮੱਸਿਆਵਾਂ, ਵਾਹਨ ਦੀ ਗਿਣਤੀ ਵਧਣ ਨਾਲ ਸਰਕਾਰ ਦੀ ਆਮਦਨ ’ਚ ਵਾਧਾ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਪੰਜਾਬ ਵਿੱਚ ਪਿਛਲੇ ਪੰਜ ਸਾਲਾਂ ਵਿੱਚ ਵਾਹਨਾਂ ਦੀ ਸੰਖਿਆ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਅੰਕੜਿਆਂ ਅਨੁਸਾਰ ਸਾਲ 2020 ਤੋਂ 2025 ਤਕ ਸੂਬੇ ਵਿੱਚ ਵਾਹਨਾਂ ਦੀ ਗਿਣਤੀ ਵਿੱਚ ਲਗਭਗ 137 ਫ਼ੀਸਦੀ ਦਾ ਵਾਧਾ ਹੋਇਆ ਹੈ। ਜਿੱਥੇ ਇੱਕ ਪਾਸੇ ਇਹ ਵਾਧਾ ਆਰਥਿਕ ਸਰਗਰਮੀਆਂ ਅਤੇ ਲੋਕਾਂ ਦੀ ਖਰੀਦਦਾਰੀ ਸ਼ਕਤੀ ਵਿੱਚ ਵਾਧੇ ਦਾ ਸੰਕੇਤ ਹੈ, ਉੱਥੇ ਦੂਜੇ ਪਾਸੇ ਸੜਕ ਢਾਂਚੇ ਦੀ ਧੀਮੀ ਪ੍ਰਗਤੀ ਨੇ ਟ੍ਰੈਫਿਕ ਪ੍ਰਬੰਧਨ ਨੂੰ ਗੰਭੀਰ ਚੁਣੌਤੀ ਦੇ ਸਾਹਮਣੇ ਖੜ੍ਹਾ ਕਰ ਦਿੱਤਾ ਹੈ। ਵਾਹਨਾਂ ਦੀ ਤੇਜੀ ਨਾਲ ਵਧੀ ਗਿਣਤੀ ਅਨੁਸਾਰ ਸੜਕਾਂ ਦਾ ਨਿਰਮਾਣ ਨਹੀਂ ਹੋ ਸਕਿਆ। ਸ਼ਹਿਰਾਂ ਤੇ ਪਿੰਡਾਂ ਵਿਚ ਹਾਲੇ ਵੀ ਉਹੀ ਤੰਗ ਤੇ ਭੀੜੀਆਂ ਸੜਕਾਂ ਹਨ। ਇਸ ਕਾਰਨ ਜਿੱਥੇ ਟ੍ਰੈਫ਼ਿਕ ਜਾਮ ਦੀ ਸਮੱਸਿਆ ਵਧੀ ਹੈ, ਉੱਥੇ ਹੀ ਸੜਕ ਹਾਦਸਿਆਂ ਵੀ ਵਾਧਾ ਹੋਇਆ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਸਾਲ 2020 ਵਿੱਚ ਕੁੱਲ ਰਜਿਸਟਰਡ ਵਾਹਨਾਂ ਦੀ ਸੰਖਿਆ ਲਗਭਗ 5,15,009 ਸੀ, ਜਿਹੜੀ ਕਿ 2021 ਵਿੱਚ ਵਧ ਕੇ 5,17,650 ਹੋ ਗਈ। ਇਸ ਤੋਂ ਬਾਅਦ 2022 ਵਿੱਚ ਰਜਿਸਟਰਡ ਵਾਹਨਾਂ ਦੀ ਇਹ ਸੰਖਿਆ 5,55,896 ਤਕ ਚਲੀ ਗਈ, ਜਦੋਂਕਿ ਸਾਲ 2023 ਵਿੱਚ ਰਜਿਸਟਰਡ ਵਾਹਨਾਂ ਦੀ ਗਿਣਤੀ 6,40,944 ਹੋ ਗਈ ਅਤੇ 2024 ਵਿੱਚ ਵਧ ਕੇ ਗਿਣਤੀ 7,05,601 ਹੋ ਗਈ। ਅਰਥਾਤ ਪੰਜ ਸਾਲਾਂ ਵਿੱਚ ਲਗਭਗ ਦੋ ਲੱਖ ਤੋਂ ਵੱਧ ਨਵੇਂ ਵਾਹਨ ਸੜਕਾਂ ’ਤੇ ਉਤਰ ਆਏ ਹਨ। ਇਸ ਤਰ੍ਹਾਂ ਕੁੱਲ ਵਾਹਨਾਂ ਦੀ ਸੰਖਿਆ ਲਗਭਗ 5.15 ਲੱਖ ਤੋਂ ਵਧ ਕੇ 7.50 ਲੱਖ ਹੋਣ ਦਾ ਅੰਦਾਜ਼ਾ ਵੀ ਲਾਇਆ ਗਿਆ ਹੈ। ਵਾਹਨਾਂ ਦੇ ਇਸ ਤੇਜ਼ ਵਾਧੇ ਨਾਲ ਸਰਕਾਰ ਦੀ ਆਮਦਨ ਵਿੱਚ ਵੀ ਮਹੱਤਵਪੂਰਣ ਵਾਧਾ ਹੋਇਆ ਹੈ। ਸਾਲ 2020 ਵਿੱਚ ਵਾਹਨ ਰਜਿਸਟ੍ਰੇਸ਼ਨ ਤੋਂ ਸਰਕਾਰ ਨੂੰ ਲਗਭਗ 1220.03 ਕਰੋੜ ਰੁਪਏ ਦੀ ਆਮਦਨ ਹੋਈ ਸੀ, ਜਿਹੜੀ ਕਿ ਸਾਲ 2021 ਵਿੱਚ ਵਧ ਕੇ 1704.42 ਕਰੋੜ ਰੁਪਏ ਹੋ ਗਈ। ਸਾਲ 2022 ਵਿੱਚ ਸਰਕਾਰ ਨੂੰ ਆਮਦਨ ਵਧ ਕੇ 2122.79 ਕਰੋੜ, ਸਾਲ 2023 ਵਿੱਚ 2386.37 ਕਰੋੜ ਅਤੇ 2024 ਵਿੱਚ 2810.62 ਕਰੋੜ ਰੁਪਏ ਤਕ ਪਹੁੰਚ ਗਈ। ਅਰਥਾਤ ਪੰਜ ਸਾਲਾਂ ਵਿੱਚ ਆਮਦਨ ਦੋ ਗੁਣਾ ਤੋਂ ਵੀ ਵੱਧ ਹੋ ਗਈ। ਹਾਲਾਂਕਿ ਇਨ੍ਹਾਂ ਵਧਦੇ ਅੰਕੜਿਆਂ ਦੇ ਬਾਵਜੂਦ ਸੜਕ ਢਾਂਚੇ ਦੇ ਵਿਕਾਸ ਦੀ ਗਤੀ ਕਾਫੀ ਧੀਮੀ ਰਹੀ ਹੈ। ਖ਼ਾਸ ਕਰਕੇ ਬਠਿੰਡਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਦੀ ਜ਼ਿਆਦਾਤਰ ਸੜਕਾਂ ਅਜੇ ਵੀ ਤੰਗ ਤੇ ਭੀੜੀਆਂ ਹਨ ਅਤੇ ਵਧਦੇ ਟ੍ਰੈਫਿਕ ਦਾ ਦਬਾਅ ਸਹਿਣ ਵਿੱਚ ਸਮਰੱਥ ਨਹੀਂ ਹਨ। ਸ਼ਹਿਰ ਵਿੱਚ ਸਿਰਫ਼ ਭਾਗੂ ਰੋਡ ਨੂੰ ਛੱਡ ਕੇ ਹੁਣ ਤਕ ਕਿਸੇ ਵੀ ਮੁੱਖ ਸੜਕ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਹੈ। ਨਤੀਜੇ ਵਜੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਟ੍ਰੈਫਿਕ ਜਾਮ ਦੀ ਸਮੱਸਿਆ ਦਿਨ-ਬ-ਦਿਨ ਗੰਭੀਰ ਹੋ ਰਹੀ ਹੈ। ਸਵੇਰੇ ਅਤੇ ਸ਼ਾਮ ਦੇ ਸਮੇਂ ਮੁੱਖ ਬਾਜ਼ਾਰਾਂ, ਚੌਕਾਂ ’ਤੇ ਲੰਮਾ ਜਾਮ ਲਗਣਾ ਆਮ ਗੱਲ ਬਣ ਚੁੱਕੀ ਹੈ। ਸਕੂਲ ਟਾਈਮ, ਦਫ਼ਤਰਾਂ ਦੇ ਸਮੇਂ ਅਤੇ ਤਿਉਹਾਰਾਂ ਦੇ ਦੌਰਾਨ ਸਥਿਤੀ ਹੋਰ ਵੀ ਖਰਾਬ ਹੋ ਜਾਂਦੀ ਹੈ। ਜੇਕਰ ਸੜਕਾਂ ਦੇ ਚੌੜਾ ਕਰਨ, ਪਾਰਕਿੰਗ ਅਤੇ ਟ੍ਰੈਫਿਕ ਪ੍ਰਬੰਧਨ ’ਤੇ ਤੁਰੰਤ ਧਿਆਨ ਨਹੀਂ ਦਿੱਤਾ ਗਿਆ ਤਾਂ ਅਗਲੇ ਕੁਝ ਸਾਲਾਂ ਵਿੱਚ ਸਥਿਤੀ ਹੋਰ ਵੀ ਖਰਾਬ ਹੋ ਸਕਦੀ ਹੈ। ਸਿਰਫ਼ ਵਾਹਨਾਂ ਦੀ ਸੰਖਿਆ ਦਾ ਵਾਧਾ ਵਿਕਾਸ ਦਾ ਸੰਕੇਤ ਨਹੀਂ ਹੈ, ਸਗੋਂ ਉਸ ਦੇ ਅਨੁਸਾਰ ਬੁਨਿਆਦੀ ਢਾਂਚੇ ਦਾ ਵਿਸ਼ਥਾਰ ਵੀ ਜਰੂਰੀ ਹੈ। ਵਪਾਰੀਆਂ ਅਤੇ ਆਮ ਨਾਗਰਿਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਦੀ ਪ੍ਰਮੁੱਖ ਸੜਕਾਂ ਨੂੰ ਜਲਦੀ ਤੋਂ ਜਲਦੀ ਚੌੜਾ ਕੀਤਾ ਜਾਵੇ ਅਤੇ ਟ੍ਰੈਫਿਕ ਪ੍ਰਬੰਧਨ ਨੂੰ ਬਿਹਤਰ ਬਣਾਉਣ ਲਈ ਠੋਸ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ’ਤੇ ਯੋਜਨਾ ਨਹੀਂ ਬਣਾਈ ਗਈ ਤਾਂ ਟ੍ਰੈਫਿਕ ਜਾਮ ਸ਼ਹਿਰ ਦੀ ਗਤੀ ਨੂੰ ਪੂਰੀ ਤਰ੍ਹਾਂ ਰੋਕ ਸਕਦਾ ਹੈ।