ਲੜਕੀ ਦੀ ਸੜਕ ਹਾਦਸੇ ’ਚ ਮੌਤ
ਯੂਨੀਵਰਸਿਟੀ ਤੋਂ ਘਰ ਪਰਤ ਰਹੀ ਨੌਜਵਾਨ ਲੜਕੀ ਦੀ ਸੜਕ ਹਾਦਸੇ ‘ਚ ਮੌਤ
Publish Date: Thu, 26 Mar 2026 04:36 PM (IST)
Updated Date: Thu, 26 Mar 2026 04:38 PM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ
ਕੋਟਫੱਤਾ : ਬਠਿੰਡਾ ਵਿਖੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿਚ ਪਿੰਡ ਕੋਟਸ਼ਮੀਰ ਦੀ 21 ਸਾਲਾਂ ਨੌਜਵਾਨ ਲੜਕੀ ਦੀ ਮੌਤ ਹੋ ਗਈ। ਇਸ ਘਟਨਾ ਨਾਲ ਪਿੰਡ ਵਿਚ ਸੋਗ ਦਾ ਮਾਹੌਲ ਬਣ ਗਿਆ ਹੈ। ਮ੍ਰਿਤਕ ਲੜਕੀ ਦੀ ਪਛਾਣ ਚਰਨਜੀਤ ਕੌਰ (21) ਵਜੋਂ ਹੋਈ ਹੈ, ਜੋ ਵਾਰਡ ਨੰਬਰ ਤਿੰਨ ਦੇ ਵਸਨੀਕ ਬੋਗਾ ਸਿੰਘ ਦੀ ਪੋਤਰੀ ਅਤੇ ਟਰੱਕ ਯੂਨੀਅਨ ਬਠਿੰਡਾ ਵਿਚ ਮੁਨਸ਼ੀ ਵਜੋਂ ਸੇਵਾ ਨਿਭਾਅ ਰਹੇ ਹਰਜਿੰਦਰ ਸਿੰਘ ਕਾਕਾ ਦੀ ਧੀ ਸੀ। ਚਰਨਜੀਤ ਕੌਰ ਇਕ ਹੋਣਹਾਰ ਵਿਦਿਆਰਥਣ ਸੀ ਅਤੇ ਉਹ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਚ ਪੜ੍ਹ ਰਹੀ ਸੀ। ਜਾਣਕਾਰੀ ਅਨੁਸਾਰ ਚਰਨਜੀਤ ਕੌਰ ਰੋਜ਼ ਦੀ ਤਰ੍ਹਾਂ ਆਪਣੀ ਪੜ੍ਹਾਈ ਪੂਰੀ ਕਰ ਕੇ ਐਕਟਿਵਾ ’ਤੇ ਸਵਾਰ ਹੋ ਕੇ ਪਿੰਡ ਵਾਪਸ ਆ ਰਹੀ ਸੀ। ਜਦੋਂ ਉਹ ਆਈਟੀਆਈ ਚੌਕ ਨੇੜੇ ਪਹੁੰਚੀ ਤਾਂ ਉਸ ਦੀ ਐਕਟਿਵਾ ਦਾ ਇਕ ਟਰੱਕ ਨਾਲ ਭਿਆਨਕ ਹਾਦਸਾ ਹੋ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਚਰਨਜੀਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੁਖਦਾਈ ਘਟਨਾ ਦੀ ਖ਼ਬਰ ਮਿਲਦੇ ਹੀ ਪਿੰਡ ਕੋਟਸ਼ਮੀਰ ਵਿਚ ਸੋਗ ਦੀ ਲਹਿਰ ਦੌੜ ਗਈ।