ਲਸਾੜਾ ਡਰੇਨ ਸਮੱਸਿਆ ਸਬੰਧੀ ਪੰਚਾਇਤ ਵੱਲੋਂ ਡੀਸੀ ਨੂੰ ਮੰਗ-ਪੱਤਰ
ਲਸਾੜਾ ਡਰੇਨ ਸਮੱਸਿਆ ਸਬੰਧੀ ਗ੍ਰਾਮ ਪੰਚਾਇਤ ਨੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ
Publish Date: Wed, 25 Mar 2026 08:13 PM (IST)
Updated Date: Thu, 26 Mar 2026 04:08 AM (IST)
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ
ਪਿੰਡ ਪਥਰਾਲਾ ਦੀ ਗ੍ਰਾਮ ਪੰਚਾਇਤ ਵੱਲੋਂ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਲਸਾੜਾ ਡਰੇਨ ਨਾਲ ਜੁੜੀ ਗੰਭੀਰ ਸਮੱਸਿਆ ਸੰਬੰਧੀ ਮੰਗ ਪੱਤਰ ਸੌਂਪਿਆ ਗਿਆ। ਪੰਚਾਇਤ ਨੇ ਡਰੇਨ ਦੇ ਗੰਦੇ ਪਾਣੀ ਦੀ ਨਿਕਾਸੀ ਯਕੀਨੀ ਬਣਾਉਣ ਤੇ ਖਸਤਾ ਹਾਲਤ ’ਚ ਪਏ ਦੋ ਪੁਲਾਂ ਨੂੰ ਨਵਾਂ ਬਣਾਉਣ ਦੀ ਮੰਗ ਕੀਤੀ। ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਲਸਾੜਾ ਡਰੇਨ ਲੁਧਿਆਣਾ ਤੋਂ ਸ਼ੁਰੂ ਹੋ ਕੇ ਹਰਿਆਣਾ ਦੇ ਡੱਬਵਾਲੀ ਬਾਰਡਰ ਨਾਲ ਲੱਗਦੀ ਹੈ, ਜਿਸ ਵਿਚ ਕਈ ਪਿੰਡਾਂ ਦਾ ਸੀਵਰੇਜ ਤੇ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਪਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਰਿਆਣਾ ਸਰਕਾਰ ਵੱਲੋਂ ਡੱਬਵਾਲੀ ਬਾਰਡਰ ਨੇੜੇ ਡਰੇਨ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿਸ ਕਰਕੇ ਪਾਣੀ ਦੀ ਅੱਗੇ ਨਿਕਾਸੀ ਨਹੀਂ ਹੋ ਰਹੀ ਅਤੇ ਇਹ ਪਾਣੀ ਪਿੰਡ ਪਥਰਾਲਾ ਕੋਲ ਇਕੱਠਾ ਹੋ ਜਾਂਦਾ ਹੈ। ਮੀਂਹ ਦੇ ਦਿਨਾਂ ਵਿੱਚ ਹਾਲਤ ਹੋਰ ਵੀ ਖ਼ਰਾਬ ਹੋ ਜਾਂਦੀ ਹੈ, ਜਦੋਂ ਡਰੇਨ ਓਵਰਫਲੋ ਹੋ ਕੇ ਪਿੰਡ ਲਈ ਖ਼ਤਰਾ ਬਣ ਜਾਂਦੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਗੰਦੇ ਪਾਣੀ ਕਾਰਨ ਬਿਮਾਰੀਆਂ ਫੈਲ ਰਹੀਆਂ ਹਨ ਤੇ ਧਰਤੀ ਹੇਠਲਾ ਪਾਣੀ ਵੀ ਪ੍ਰਦੂਸ਼ਿਤ ਹੋ ਚੁੱਕਾ ਹੈ।
ਪਿੰਡ ਨੂੰ ਮੁੱਖ ਸੜਕ ਨਾਲ ਜੋੜਨ ਵਾਲੇ ਦੋ ਰਸਤਿਆਂ ’ਤੇ ਬਣੇ ਡਰੇਨ ਦੇ ਪੁਲ ਬਹੁਤ ਪੁਰਾਣੇ ਤੇ ਜ਼ਰਜ਼ਰ ਹਾਲਤ ਵਿਚ ਹਨ, ਜੋ ਕਿਸੇ ਵੀ ਵੇਲੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਇੱਕ ਰਸਤਾ ਗੁਰਦੁਆਰਾ ਸਾਹਿਬ ਵੱਲ ਜਾਂਦਾ ਹੈ ਜਦਕਿ ਦੂਜਾ ਬੱਸ ਅੱਡੇ ਵੱਲ। ਪੰਚਾਇਤ ਨੇ ਮੰਗ ਕੀਤੀ ਕਿ ਡਰੇਨ ਦੇ ਪਾਣੀ ਦੀ ਤੁਰੰਤ ਨਿਕਾਸੀ ਕਰਵਾਈ ਜਾਵੇ, ਗੰਦੇ ਅਤੇ ਜਹਿਰੀਲੇ ਪਾਣੀ ਦੇ ਡਿਸਚਾਰਜ ਨੂੰ ਰੋਕਿਆ ਜਾਵੇ ਅਤੇ ਦੋਵੇਂ ਪੁਲ ਜਲਦੀ ਬਣਾਏ ਜਾਣ। ਡਿਪਟੀ ਕਮਿਸ਼ਨਰ ਬਠਿੰਡਾ ਨੇ ਪੰਚਾਇਤ ਨੂੰ ਭਰੋਸਾ ਦਿਵਾਇਆ ਕਿ ਇਸ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇਗਾ। ਇੱਥੇ ਜ਼ਿਕਰਯੋਗ ਹੈ ਕਿ ਕੱਲ੍ਹ ਰਾਤ ਪਿੰਡ ਡੂਮਵਾਲੀ ਨੇੜੇ ਡਰੇਨ ਦਾ ਬੰਨ੍ਹ ਟੁੱਟਣ ਕਾਰਨ ਚੌਧਰੀ ਤੇਲ ਪੰਪ ਕੋਲ ਲਗਭਗ 200–300 ਏਕੜ ਪੱਕੀ ਫਸਲ ਪਾਣੀ ਵਿੱਚ ਡੁੱਬ ਕੇ ਬਰਬਾਦ ਹੋ ਗਈ। ਇਸ ਮੌਕੇ ਹਰਬੰਸ ਸਿੰਘ, ਪੰਚ ਜਗਦੇਵ ਸਿੰਘ ਕਾਕਾ, ਬੰਸੀ ਰਾਮ ਪੰਚ ਅਤੇ ਹਰਮੰਦਰ ਸਿੰਘ (ਸਾਬਕਾ ਇੰਸਪੈਕਟਰ ਪੀਆਰਟੀਸੀ) ਸਮੇਤ ਹੋਰ ਗ੍ਰਾਮ ਵਾਸੀ ਮੌਜੂਦ ਸਨ।