ਸੰਗੀਤ ‘ਸਿਹਤਮੰਦ ਰੂਹ ਤੇ ਚੜ੍ਹਦੀਕਲਾ ਲਈ ਵਰਦਾਨ’ ਵਿਸ਼ੇ ’ਤੇ ਵਰਕਸ਼ਾਪ
ਜੀਕੇਯੂ ਵੱਲੋਂ ਹਿੰਦੁਸਤਾਨੀ ਕਲਾਸੀਕਲ ਸੰਗੀਤ ‘ਸਿਹਤਮੰਦ ਰੂਹ ਅਤੇ ਚੜ੍ਹਦੀਕਲਾ ਲਈ ਇਕ ਵਰਦਾਨ’ ਵਿਸ਼ੇ ਤੇ ਵਰਕਸ਼ਾਪ ਲਗਾਈ
Publish Date: Wed, 25 Mar 2026 06:50 PM (IST)
Updated Date: Thu, 26 Mar 2026 04:05 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਗੁਰੂ ਕਾਸ਼ੀ ਯੂਨੀਵਰਸਿਟੀ (ਜੀਕੇਯੂ) ਦੇ ਫੈਕਲਟੀ ਆਫ਼ ਵਿਜੂਅਲ ਐਂਡ ਪਰਫੋਰਮਿੰਗ ਆਰਟਸ ਵੱਲੋਂ ਭਾਈ ਮਰਦਾਨਾ ਚੇਅਰ ਦੇ ਸਹਿਯੋਗ ਨਾਲ ਆਈਸੀਐੱਸਐੱਸਆਰ ਦੇ ਪ੍ਰੋਜੈਕਟ ਤਹਿਤ ਹਿੰਦੁਸਤਾਨੀ ਕਲਾਸੀਕਲ ਸੰਗੀਤ ‘ਸਿਹਤਮੰਦ ਰੂਹ ਅਤੇ ਚੜ੍ਹਦੀਕਲਾ ਲਈ ਇਕ ਵਰਦਾਨ’ ਵਿਸ਼ੇ ’ਤੇ ਵਰਕਸ਼ਾਪ ਲਗਾਈ ਗਈ। ਸਮਾਰੋਹ ਦੀ ਪ੍ਰਧਾਨਗੀ ਵਾਈਸ ਚਾਂਸਲਰ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ ਨੇ ਕੀਤੀ। ਉਦਘਾਟਨ ਮੌਕੇ ਪੰਡਿਤ ਸੁਬਰਤੋ ਡੇ (ਬਿਸ਼ਨੂਪੁਰ ਘਰਾਣਾ) ਅਤੇ ਪੰਡਿਤ ਸਿਧਰਾਥ ਚੈਟਰਜੀ (ਫਾਰੂਖਾਬਾਦ ਘਰਾਣਾ) ਦੀ ਜੁਗਲ-ਬੰਦੀ ਨੇ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ। ਵਾਈਸ ਚਾਂਸਲਰ ਡਾ. ਧੀਮਾਨ ਨੇ ਕਿਹਾ ਕਿ ਸੰਗੀਤ ਰੂਹ ਦੀ ਖੁਰਾਕ ਹੈ ਜੋ ਮਨ ਅਤੇ ਆਤਮਾ ਨੂੰ ਸ਼ਾਂਤੀ ਦਿੰਦੀ ਹੈ ਅਤੇ ਸੰਗੀਤ ਦੁਆਰਾ ਕਈ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਭਾਰਤੀ ਸ਼ਾਸਤਰੀ ਸੰਗੀਤ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ। ਵਰਕਸ਼ਾਪ ਬਾਰੇ ਜਾਣਕਾਰੀ ਦਿੰਦਿਆਂ ਡੀਨ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਹ ਯੂਨੀਵਰਸਿਟੀ ਲਈ ਪ੍ਰੋਜੈਕਟ ਤਹਿਤ ਪੰਜਵਾਂ ਸਮਾਰੋਹ ਹੈ। ਉਨ੍ਹਾਂ ਵਜਾਏ ਰਾਗ ਅਹੀਰ ਭੈਰਵ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਸਹੀ ਸਮੇਂ ਤੇ ਸੰਗੀਤ ਵਜਾਉਣ ਨਾਲ ਮਾਨਸਿਕ ਤਣਾਅ ਘਟਦਾ ਹੈ। ਸਮਾਗਮ ’ਚ ਪ੍ਰੋ. ਵਾਈਸ ਚਾਂਸਲਰ ਡਾ. ਪੀਯੂਸ਼ ਵਰਮਾ, ਡੀਨ ਅਕਾਦਮਿਕ (ਡਾ.) ਜਾਵੇਦ ਅਹਿਮਦ ਖਾਨ, ਵਿਭਾਗਾਂ ਦੇ ਡੀਨ, ਅਧਿਆਪਕ ਅਤੇ ਸੰਗੀਤ ਪ੍ਰੇਮੀ ਹਾਜ਼ਰ ਸਨ। ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਸੰਗੀਤ ਮਾਹਿਰ ਆਨਲਾਈਨ ਜੁੜੇ। ਵਿਦਿਆਰਥੀਆਂ ਵੱਲੋਂ ਬਣਾਈਆਂ ਕਲਾ ਕ੍ਰਿਤੀਆਂ ਅਤੇ ਪ੍ਰਦਸ਼ਰਨ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਪ੍ਰਬੰਧਕਾਂ ਵੱਲੋਂ ਸੰਗੀਤ ਮਾਹਿਰਾਂ ਨੂੰ ਦੂਸ਼ਾਲੇ ਅਤੇ ਸਮ੍ਰਿਤੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਸਮਾਰੋਹ ਦਾ ਸੰਚਾਲਨ ਡਾ. ਕਵਿਤਾ ਅਤੇ ਡਾ. ਮੁਜ਼ਫਰ ਅਹਿਮਦ ਡਾਰ ਨੇ ਕੀਤਾ।