ਕੋਟਬਖਤੂ ਚੇਅਰਮੈਨ ਤੇ ਕੌਰੇਆਣਾ ਵਾਈਸ ਚੇਅਰਮੈਨ ਬਣੇ
ਜਗਵਿੰਦਰ ਸਿੰਘ ਕੋਟਬਖਤੂ ਨੂੰ ਚੇਅਰਮੈਨ ਅਤੇ ਮਹਿਮਾ ਸਿੰਘ ਕੌਰੇਆਣਾ ਨੂੰ ਵਾਈਸ ਚੇਅਰਮੈਨ ਚੁਣਿਆ
Publish Date: Tue, 24 Mar 2026 08:07 PM (IST)
Updated Date: Wed, 25 Mar 2026 04:11 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋਂ : ਸਥਾਨਕ ਬਲਾਕ ਸੰਮਤੀ ਮੈਂਬਰਾਂ ਦੀ ਚੋਣ ਦੌਰਾਨ ਅਕਾਲੀ ਦਲ ਤੇ ਕਾਂਗਰਸ ਵੱਲੋਂ ਵਿਰੋਧ ਦੇ ਬਾਵਜੂਦ ‘ਆਪ’ ਦੇ ਜਗਵਿੰਦਰ ਸਿੰਘ ਕੋਟਬਖਤੂ ਨੂੰ ਚੇਅਰਮੈਨ ਤੇ ਮਹਿਮਾ ਸਿੰਘ ਕੌਰੇਆਣਾ ਨੂੰ ਵਾਈਸ ਚੇਅਰਮੈਨ ਚੁਣ ਲਿਆ। ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਨਵੇਂ ਚੁਣੇ ਚੇਅਰਮੈਨ ਤੇ ਵਾਈਸ ਚੇਅਰਮੈਨ ਨੂੰ ਹਾਰ ਪਾ ਕੇ ਸਨਮਾਨਿਤ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਚੋਣ ਪੂਰੀ ਤਰ੍ਹਾਂ ਸਰਬਸੰਮਤੀ ਨਾਲ ਤੇ ਨਿਰਪੱਖ ਢੰਗ ਨਾਲ ਕਰਵਾਈ ਹੈ। ਅਕਾਲੀ ਦਲ ਦੇ ਹਲਕਾ ਮੁਖੀ ਰਵੀਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਤੇ ਕਾਂਗਰਸ ਵੱਲੋਂ ਰਣਜੀਤ ਸਿੰਘ ਸੰਧੂ ਸਮੇਤ ਹੋਰ ਆਗੂਆਂ ਨੇ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ‘ਆਪ’ ’ਤੇ ਧੱਕੇਸ਼ਾਹੀ ਦੇ ਦੋਸ਼ ਲਾਉਂਦਿਆਂ ਕਿਹਾ ਕਿ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਨਿਰਪੱਖ ਨਹੀਂ ਹੋਈ। ਜਾਣਕਾਰੀ ਅਨੁਸਾਰ 25 ਮੈਂਬਰੀ ਬਲਾਕ ਸੰਮਤੀ ’ਚ ‘ਆਪ’ ਦੇ 9, ਅਕਾਲੀ ਦਲ ਦੇ 10 ਤੇ ਕਾਂਗਰਸ ਦੇ 6 ਮੈਂਬਰ ਚੁਣੇ ਸਨ। ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ‘ਆਪ’ ਦੇ ਹੱਕ ’ਚ ਹੋਈ। ਜਦੋਂ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ‘ਆਪ’ ਹਮੇਸ਼ਾਂ ਪਾਰਦਰਸ਼ੀ ਤੇ ਲੋਕਤੰਤਰਿਕ ਢੰਗ ਨਾਲ ਚੋਣਾਂ ਕਰਵਾਉਂਦੀ ਆਈ ਹੈ ਅਤੇ ਇਸ ਵਾਰ ਵੀ ਕੋਈ ਧੱਕੇਸ਼ਾਹੀ ਨਹੀਂ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਪੱਖ ਦੇ ਮੈਂਬਰਾਂ ’ਚ ਆਪਸੀ ਤਾਲਮੇਲ ਦੀ ਕਮੀ ਕਾਰਨ ਇਹ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਨੇ ਨਵੇਂ ਪ੍ਰਧਾਨ ਤੇ ਉਪ ਪ੍ਰਧਾਨ ਸਮੇਤ ਸਾਰੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਹਲਕੇ ਦੇ ਵਿਕਾਸ ਲਈ ਮਿਲ-ਜੁਲ ਕੇ ਕੰਮ ਕਰਨ ਦੀ ਅਪੀਲ ਕੀਤੀ। ਇਸ ਮੌਕੇ ਚੌਧਰੀ ਜਸਵਿੰਦਰ ਕੌਰ (ਮੈਂਬਰ, ਮਹਿਲਾ ਕਮਿਸ਼ਨ ਪੰਜਾਬ), ਬਲਵਿੰਦਰ ਸਿੰਘ ਗਿੱਲ (ਕੌਂਸਲਰ), ਮਨਪ੍ਰੀਤ ਸਿੰਘ ਸੋਨੀ ਤੇ ਬੂਟਾ ਸਿੰਘ (ਸਰਪੰਚ ਚੱਠੇਵਾਲਾ) ਸਮੇਤ ਵੱਡੀ ਗਿਣਤੀ ’ਚ ਵੱਖ-ਵੱਖ ਪਾਰਟੀਆਂ ਦੇ ਆਗੂ ਤੇ ਵਰਕਰਜ਼ ਹਾਜ਼ਰ ਸਨ।