ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਰੇਲਵੇ ਨਾਲ ਜੋੜਨ ’ਤੇ ਰਵਨੀਤ ਬਿੱਟੂ ਦਾ ਧੰਨਵਾਦ
ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਰੇਲਵੇ ਨਾਲ ਜੋੜਨ ਦੇ ਉਪਰਾਲੇ ਦੀ ਸ਼ਲਾਘਾ
Publish Date: Tue, 24 Mar 2026 06:17 PM (IST)
Updated Date: Wed, 25 Mar 2026 04:05 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਰੇਲਵੇ ਨਾਲ ਜੋੜਨ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਇਲਾਕੇ ਵਿਚ ਵੱਡੀ ਸਰਾਹਨਾ ਹੋ ਰਹੀ ਹੈ। ਭਾਜਪਾ ਦੇ ਕੇਂਦਰੀ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਉਠਾਏ ਗਏ ਕਦਮਾਂ ਨੂੰ ਧਿਆਨ ’ਚ ਰੱਖਦਿਆਂ ਜ਼ਿਲ੍ਹਾ ਬਠਿੰਡਾ ਦੇ ਬੁੱਧੀਜੀਵੀ ਵਿੰਗ ਦੇ ਤਿੰਨ ਹਲਕਿਆਂ ਦੇ ਕੋਰ ਕਨਵੀਨਰ ਬੀਬੀ ਸੁਖਵਿੰਦਰ ਪਾਲ ਕੌਰ ਵੱਲੋਂ ਖੁਸ਼ੀ ਪ੍ਰਗਟਾਈ ਗਈ। ਇਸ ਮੌਕੇ ਬੁੱਧੀਜੀਵੀ ਵਿੰਗ ਦੀ ਸਰਗਰਮ ਆਗੂ ਬੀਬੀ ਸੁਖਵਿੰਦਰ ਪਾਲ ਕੌਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਰਵਨੀਤ ਸਿੰਘ ਬਿੱਟੂ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਰੇਲਵੇ ਨੈੱਟਵਰਕ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲੇ ਸਿਰਫ਼ ਇਲਾਕੇ ਦੀ ਆਰਥਿਕ ਤਰੱਕੀ ਹੀ ਨਹੀਂ, ਸਗੋਂ ਧਾਰਮਿਕ ਸੈਰ-ਸਪਾਟੇ ਨੂੰ ਵੀ ਵੱਡਾ ਬਲ ਦੇਣਗੇ। ਇਹ ਕਦਮ ਸਿੱਖ ਕੌਮ ਲਈ ਵੀ ਬਹੁਤ ਮਹੱਤਵਪੂਰਨ ਹੈ, ਕਿਉਂਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਸਿੱਖ ਇਤਿਹਾਸ ਦਾ ਇਕ ਅਹਿਮ ਕੇਂਦਰ ਹੈ। ਭਾਜਪਾ ਸਰਕਾਰ ਹਮੇਸ਼ਾ ਹੀ ਦੇਸ਼ ਦੇ ਧਾਰਮਿਕ ਅਸਥਾਨਾਂ ਦੇ ਵਿਕਾਸ ਲਈ ਵਚਨਬੱਧ ਰਹੀ ਹੈ ਤੇ ਇਹ ਪ੍ਰੋਜੈਕਟ ਵੀ ਉਸੇ ਦ੍ਰਿਸ਼ਟੀਕੋਣ ਦਾ ਹਿੱਸਾ ਹੈ। ਰੇਲਵੇ ਕਨੈਕਟਿਵਿਟੀ ਬਣਨ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸੰਗਤ ਨੂੰ ਆਉਣ-ਜਾਣ ’ਚ ਆਸਾਨੀ ਹੋਵੇਗੀ ਤੇ ਇਲਾਕੇ ਦੇ ਵਪਾਰੀਆਂ ਨੂੰ ਵੀ ਇਸਦਾ ਵੱਡਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਸਥਾਨਕ ਵਿਕਾਸ ਨੂੰ ਤੇਜ਼ੀ ਮਿਲੇਗੀ। ਬੀਬੀ ਸੁਖਵਿੰਦਰ ਕੌਰ ਨੇ ਇਸ ਉਪਰਾਲੇ ਲਈ ਭਾਜਪਾ ਤੇ ਖਾਸ ਤੌਰ ’ਤੇ ਰਵਨੀਤ ਬਿੱਟੂ ਦਾ ਦਿਲੋਂ ਧੰਨਵਾਦ ਕੀਤਾ। ਅੰਤ ’ਚ ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਭਾਜਪਾ ਸਰਕਾਰ ਨਾਲ ਖੜ੍ਹੇ ਹਨ ਅਤੇ ਆਉਣ ਵਾਲੇ ਸਮੇਂ ’ਚ ਹੋਰ ਵੀ ਵਿਕਾਸਸ਼ੀਲ ਪ੍ਰੋਜੈਕਟਾਂ ਦੀ ਆਸ ਕਰਦੇ ਹਨ। ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਪ੍ਰੋਜੈਕਟ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਇਸਦਾ ਲਾਭ ਮਿਲ ਸਕੇ। ਇਸ ਮੌਕੇ ‘ਤੇ ਹੋਰ ਆਗੂਆਂ ਤੇ ਵਰਕਰਾਂ ਨੇ ਵੀ ਭਾਜਪਾ ਦੀਆਂ ਨੀਤੀਆਂ ਦੀ ਪ੍ਰਸ਼ੰਸਾ ਕਰਦਿਆਂ ਇਸ ਫੈਸਲੇ ਨੂੰ ਇਤਿਹਾਸਕ ਕਰਾਰ ਦਿੱਤਾ।