ਸ਼ਹਿਰ ‘ਚ ਤਿੰਨ ਲਾਸ਼ਾਂ ਮਿਲੀਆਂ, ਇਕ ਦੀ ਹੋਈ ਪਛਾਣ
ਸ਼ਹਿਰ ‘ਚ ਤਿੰਨ ਲਾਸ਼ਾਂ ਮਿਲੀਆਂ, ਇੱਕ ਦੀ ਹੋਈ ਪਛਾਣ
Publish Date: Tue, 24 Mar 2026 05:22 PM (IST)
Updated Date: Wed, 25 Mar 2026 04:02 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੋਂ ਤਿੰਨ ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ ਹੈ, ਜਿਨ੍ਹਾਂ ਵਿੱਚੋਂ ਇਕ ਦੀ ਪਛਾਣ ਹੋ ਗਈ ਹੈ। ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਪਹੁੰਚਾ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਹਿਲੀ ਘਟਨਾ ਵਿਚ ਮਾਲ ਗੋਦਾਮ ਰੋਡ 'ਤੇ ਨਿਗਮ ਦਫ਼ਤਰ ਦੇ ਸਾਹਮਣੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ। ਸੂਚਨਾ ਮਿਲਣ 'ਤੇ ਸਹਾਰਾ ਟੀਮ ਦੇ ਮੈਂਬਰ ਵਿੱਕੀ ਕੁਮਾਰ ਅਤੇ ਥਾਣਾ ਕੋਤਵਾਲੀ ਪੁਲਿਸ ਮੌਕੇ ’ਤੇ ਪੁੱਜੀ ਤੇ ਘਟਨਾ ਦੀ ਜਾਂਚ ਕੀਤੀ। ਜਾਂਚ ਦੌਰਾਨ ਮ੍ਰਿਤਕ ਕੋਲ ਕੋਈ ਦਸਤਾਵੇਜ਼ ਨਹੀਂ ਮਿਲਿਆ, ਜਿਸ ਨਾਲ ਉਸ ਦੀ ਪਛਾਣ ਹੋ ਸਕੇ। ਸਹਾਰਾ ਟੀਮ ਦੇ ਮੈਂਬਰਾਂ ਨੇ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ। ਸਥਾਨਕ ਰੇਲਵੇ ਯਾਰਡ ਦੇ ਨੇੜੇ ਇਕ ਵਿਅਕਤੀ ਦੀ ਲਾਸ਼ ਮਿਲੀ। ਸੂਚਨਾ ਮਿਲਣ ’ਤੇ ਸਹਾਰਾ ਟੀਮ ਦੇ ਸੰਦੀਪ ਗਿੱਲ ਅਤੇ ਟੇਕ ਚੰਦ ਮੌਕੇ 'ਤੇ ਪਹੁੰਚੇ ਅਤੇ ਜੀਆਰਪੀ ਨੂੰ ਸੂਚਿਤ ਕੀਤਾ। ਜੀਆਰਪੀ ਦੇ ਏਐੱਸਆਈ ਗੁਰਪਾਲ ਸਿੰਘ ਪੁਲਿਸ ਟੀਮ ਦੇ ਨਾਲ ਮੌਕੇ 'ਤੇ ਪਹੁੰਚੇ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਕਿ ਮ੍ਰਿਤਕ ਬੇਸਹਾਰਾ ਹੈ, ਜਿਸ ਤਹਿਤ ਉਸ ਦੀ ਪਛਾਣ ਨਹੀਂ ਹੋ ਸਕੀ। ਸਹਾਰਾ ਟੀਮ ਨੇ ਪੁਲਿਸ ਕਾਰਵਾਈ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਪਹੁੰਚਾਇਆ। ਤੀਜੀ ਘਟਨਾ ਪ੍ਰਤਾਪ ਨਗਰ ਦੇ ਰੇਲਵੇ ਹਸਪਤਾਲ ਦੇ ਨੇੜੇ ਇਕ ਖੰਡਰ ਵਾਲੇ ਕੁਆਰਟਰ ਵਿਚ ਵਾਪਰੀ, ਜਿੱਥੇ ਇਕ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤਾਂ ਵਿਚ ਮਿਲੀ। ਸੂਚਨਾ ਮਿਲਣ 'ਤੇ ਸਹਾਰਾ ਟੀਮ ਦੇ ਰਾਜੇਂਦਰ ਕੁਮਾਰ ਤੇ ਗੁੱਲੀ ਠਾਕੁਰ ਮੌਕੇ 'ਤੇ ਪਹੁੰਚੇ। ਨੌਜਵਾਨ ਦੀ ਪਛਾਣ ਗੌਰਵ (24) ਪੁੱਤਰ ਨਰੇਸ਼ ਕੁਮਾਰ, ਵਾਸੀ ਗਲੀ ਨੰਬਰ 3, ਪ੍ਰਤਾਪ ਨਗਰ ਵਜੋਂ ਹੋਈ। ਸਹਾਰਾ ਫਾਊਂਡੇਸ਼ਨ ਦੇ ਪ੍ਰਧਾਨ ਗੌਤਮ ਗੋਇਲ ਨੇ ਦੱਸਿਆ ਕਿ ਦੋ ਅਣਪਛਾਤੀਆਂ ਲਾਸ਼ਾਂ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪੁਲਿਸ ਸਾਰੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ।