106 ਗ੍ਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ
106 ਗ੍ਰਾਮ ਹੈਰੋਇਨ ਸਮੇਤ ਦੋ ਗ੍ਰਿਫ਼ਤਾਰ, 9 ਦਿਨਾਂ ’ਚ 29 ਤਸਕਰ ਕਾਬੂ, 1 ਕਿਲੋ 93 ਗ੍ਰਾਮਹੈਰਇਨ ਬਰਾਮਦ
Publish Date: Tue, 24 Mar 2026 05:20 PM (IST)
Updated Date: Wed, 25 Mar 2026 04:02 AM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਸੀਆਈਏ-1 ਦੀ ਟੀਮ ਨੇ ਦੋ ਵਿਅਕਤੀਆਂ ਨੂੰ 106 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਬਠਿੰਡਾ ਪੁਲਿਸ ਪਿਛਲੇ 9 ਦਿਨਾਂ ਦੌਰਾਨ ਵੱਖ-ਵੱਖ ਥਾਵਾਂ ਤੋਂ ਹੁਣ ਤਕ ਕੁੱਲ 1093 ਗ੍ਰਾਮ (1 ਕਿੱਲੋ 93 ਗ੍ਰਾਮ) ਹੈਰੋਇਨ ਬਰਾਮਦ ਕਰ ਚੁੱਕੀ ਹੈ ਅਤੇ ਇਨ੍ਹਾਂ ਮਾਮਲਿਆਂ ’ਚ ਕੁੱਲ 29 ਵਿਅਕਤੀ ਗ੍ਰਿਫ਼ਤਾਰ ਕਰ ਲਏ ਗਏ ਹਨ। ਉਕਤ ਮਾਮਲੇ ਵਿਚ ਡੀਐੱਸਪੀ ਸੰਦੀਪ ਭਾਟੀ ਨੇ ਦੱਸਿਆ ਕਿ ਸੀਆਈਏ-1 ਦੀ ਟੀਮ ਬੀੜ ਤਲਾਬ ਖੇਤਰ ਵਿਚ ਸ਼ੱਕੀ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਸ਼ੱਕ ਦੇ ਆਧਾਰ ’ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 106 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਅਮਨਦੀਪ ਸਿੰਘ ਵਾਸੀ ਬੀੜ ਤਲਾਬ (ਬਸਤੀ ਨੰਬਰ 3) ਅਤੇ ਗੁਰਮੀਤ ਸਿੰਘ ਵਾਸੀ ਬੀੜ ਤਲਾਬ (ਬਸਤੀ ਨੰਬਰ 1) ਵਜੋਂ ਹੋਈ ਹੈ। ਥਾਣਾ ਸਦਰ ਬਠਿੰਡਾ ਵਿਚ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਡੀਐਸਪੀ ਭਾਟੀ ਅਨੁਸਾਰ ਮੁੱਢਲੀ ਪੜਤਾਲ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਹੈਰੋਇਨ ਬੀੜ ਤਲਾਬ ਦੇ ਹੀ ਕਿਸੇ ਅਣਪਛਾਤੇ ਵਿਅਕਤੀ ਤੋਂ ਲਿਆਂਦੀ ਗਈ ਸੀ। ਪੁਲਿਸ ਮੁਲਜ਼ਮਾਂ ਦਾ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਅਗਲੀ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਨਸ਼ੇ ਦੀ ਸਪਲਾਈ ਚੇਨ ਦਾ ਪਤਾ ਲਗਾਇਆ ਜਾ ਸਕੇ।
-ਬਾਕਸ-
-ਪਿਛਲੇ 9 ਦਿਨਾਂ ’ਚ 29 ਵਿਅਕਤੀ ਗ੍ਰਿਫਤਾਰ ਕਰਕੇ 1093 ਗ੍ਰਾਮ ਹੈਰੋਇਨ ਬਰਾਮਦ
-16 ਮਾਰਚ : ਥਾਣਾ ਕੋਤਵਾਲੀ, ਥਰਮਲ ਅਤੇ ਕੈਨਾਲ ਕਲੋਨੀ ਪੁਲਿਸ ਨੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 410 ਗ੍ਰਾਮ ਹੈਰੋਇਨ ਬਰਾਮਦ ਕੀਤੀ।
-17 ਮਾਰਚ : ਥਾਣਾ ਕੈਨਾਲ ਕਲੋਨੀ, ਸਦਰ ਬਠਿੰਡਾ ਅਤੇ ਨਥਾਣਾ ਪੁਲਿਸ ਨੇ 3 ਮੁਲਜ਼ਮਾਂ ਨੂੰ ਕਾਬੂ ਕਰਕੇ 31 ਗ੍ਰਾਮ ਹੈਰੋਇਨ ਬਰਾਮਦ ਕੀਤੀ।
-19 ਮਾਰਚ : ਥਾਣਾ ਨੇਹੀਆਵਾਲਾ, ਤਲਵੰਡੀ ਸਾਬੋ, ਫੂਲ ਅਤੇ ਭਗਤਾ ਪੁਲਿਸ ਨੇ 6 ਵਿਅਕਤੀਆਂ ਕਾਬੂ ਕਰਕੇ 11 ਗ੍ਰਾਮ ਹੈਰੋਇਨ ਬਰਾਮਦ ਕੀਤੀ।
-21 ਮਾਰਚ : ਥਾਣਾ ਕੋਟਫੱਤਾ, ਸਦਰ, ਮੌੜ, ਰਾਮਪੁਰਾ, ਬਾਲਿਆਂਵਾਲੀ, ਰਾਮਾਂ, ਨੇਹੀਆਂਵਾਲਾ ਅਤੇ ਸਿਵਲ ਲਾਈਨ ਪੁਲਿਸ ਨੇ 14 ਮੁਲਜਮਾਂ ਨੂੰ ਗ੍ਰਿਫਤਾਰ ਕਰਕੇ 435 ਗ੍ਰਾਮ ਹੈਰੋਇਨ ਬਰਾਮਦ ਕੀਤੀ।
-24 ਮਾਰਚ : ਸੀਆਈਏ-1 ਨੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ 106 ਗ੍ਰਾਮ ਹੈਰੋਇਨ ਬਰਾਮਦ ਕੀਤੀ।