ਡਿਪੂ ’ਚੋਂ 20 ਬੋਰੀਆਂ ਕਣਕ ਚੋਰੀ, ਦੋ ਕਾਬੂ
ਚੋਰੀਆਂ ਕਰਨ ਵਾਲੇ ਦੋ ਕਾਬੂ, ਡੀਪੂ ਵਿੱਚੋਂ 20 ਬੋਰੀਆਂ ਕਣਕ ਚੋਰੀ
Publish Date: Tue, 24 Mar 2026 04:44 PM (IST)
Updated Date: Wed, 25 Mar 2026 03:59 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜਿੱਥੇ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਚੋਰੀਆਂ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਉੱਥੇ ਹੀ ਜ਼ਿਲ੍ਹੇ ਦੇ ਪਿੰਡ ਨਰ ਸਿੰਘ ਕਲੋਨੀ ਦੇ ਡੀਪੂ ਵਿੱਚੋਂ ਅਣਪਛਾਤੇ ਚੋਰ 20 ਬੋਰੀਆਂ ਕਣਕ ਚੋਰੀ ਕਰਕੇ ਲੈ ਗਏ। ਜਾਣਕਾਰੀ ਅਨੁਸਾਰ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਵਿੱਕੀ ਸਿੰਘ ਵਾਸੀ ਪਿੰਡ ਰਾਮਾ ਤੇ ਜਸਕਰਨ ਸਿੰਘ ਵਾਸੀ ਪਿੰਡ ਫੁੱਲੋ ਖਾਰੀ ਚੋਰੀਆਂ ਕਰਨ ਦੇ ਆਦੀ ਹਨ। ਇਸ ਸੂਚਨਾ ਤੋਂ ਬਾਅਦ ਪੁਲਿਸ ਨੇ ਛਾਪੇਮਾਰੀ ਕਰਦਿਆਂ ਵਿੱਕੀ ਸਿੰਘ ਅਤੇ ਜਸਕਰਨ ਸਿੰਘ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇਕ ਟੀਵੀਐੱਸ ਮੋਟਰਸਾਈਕਲ ਨੰਬਰ ਪੀਬੀ 13 ਐਨ 1198 ਸਮੇਤ ਰੇਹੜੀ, ਦੋ ਲੋਹੇ ਦੇ ਪਿੱਲਰ, ਚਾਰ ਲੋਹੇ ਦੀਆਂ ਗਰਿਲਾਂ, ਇਕ ਲੋਹੇ ਦਾ ਗਾਰਡਰ ਤੇ ਹੋਰ ਸਕਰੈਪ ਦਾ ਸਾਮਾਨ ਬਰਾਮਦ ਕੀਤਾ ਹੈ। ਥਾਣਾ ਤਲਵੰਡੀ ਸਾਬੋ ਦੇ ਸਬ ਇੰਸਪੈਕਟਰ ਜਤਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਮੁਲਜ਼ਮਾਂ ਕੋਲੋਂ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਥਾਣਾ ਸੰਗਤ ਮੰਡੀ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਸਿਮਰਜੀਤ ਸਿੰਘ ਵਾਸੀ ਪਿੰਡ ਪਥਰਾਲਾ ਨੇ ਦੱਸਿਆ ਕਿ ਨਰ ਸਿੰਘ ਕਲੋਨੀ ਵਿਖੇ ਸਰਕਾਰੀ ਡੀਪੂ ਦਾ ਆਰਜੀ ਚਾਰਜ ਸਕੂਲ ਹੈ। ਉਸ ਨੇ ਦੱਸਿਆ ਕਿ 9 ਅਤੇ 10 ਮਾਰਚ ਦੇ ਦਰਮਿਆਨੀ ਰਾਤ ਨੂੰ ਅਣਪਛਾਤੇ ਚੋਰ 29 ਬੋਰੀਆਂ ਕਣਕ ਦੀਆਂ ਚੋਰੀ ਕਰਕੇ ਲੈ ਗਏ। ਪੀੜਤ ਅਨੁਸਾਰ ਹਰ ਬੋਰੀ ਵਿੱਚ 50 ਕਿਲੋ ਕਣਕ ਸੀ। ਥਾਣਾ ਸੰਗਤ ਮੰਡੀ ਦੀ ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।