ਰਿਟੇਲ ਕੈਮਿਸਟਾਂ ਦੇ ਮੁੱਦੇ ਤੁਰੰਤ ਕਰਾਂਗੇ ਹੱਲ : ਬਾਲਿਆਂਵਾਲੀ
ਰਿਟੇਲ ਕੈਮਿਸਟਾਂ ਦੇ ਹਿੱਤ ਸਭ ਤੋਂ ਉੱਪਰ, ਹਰ ਮਸਲੇ ਨੂੰ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ ਹੱਲ: ਅਸ਼ੋਕ ਬਾਲਿਆਂਵਾਲੀ
Publish Date: Mon, 23 Mar 2026 06:29 PM (IST)
Updated Date: Tue, 24 Mar 2026 04:08 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਰਿਟੇਲ ਕੈਮਿਸਟ ਐਸੋਸੀਏਸ਼ਨ (ਆਰਸੀਏ), ਬਠਿੰਡਾ ਦੀ ਇੱਕ ਮਹੱਤਵਪੂਰਨ ਜਨਰਲ ਮੀਟਿੰਗ ਆਰਸੀਏ ਅਤੇ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਦੀ ਅਗਵਾਈ ਹੇਠ ਟੀਚਰਜ਼ ਹੋਮ ਵਿਖੇ ਹੋਈ। ਇਸ ਦੌਰਾਨ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕੀਤਾ। ਮੀਟਿੰਗ ’ਚ ਸ਼ਹਿਰ ਭਰ ਦੇ ਰਿਟੇਲ ਕੈਮਿਸਟਾਂ ਨੇ ਉਤਸ਼ਾਹ ਨਾਲ ਹਿੱਸਾ ਲੈ ਕੇ ਆਪਣੇ ਕਾਰੋਬਾਰ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਚੁੱਕਿਆ। ਮੀਟਿੰਗ ਦੌਰਾਨ ਅਸ਼ੋਕ ਬਾਲਿਆਂਵਾਲੀ ਨੂੰ ਦੂਜੀ ਵਾਰ ਬਿਨਾਂ ਵਿਰੋਧ ਜ਼ਿਲ੍ਹਾ ਪ੍ਰਧਾਨ ਬਣਨ ਲਈ ਸਨਮਾਨਿਤ ਕੀਤਾ ਗਿਆ। ਮੀਟਿੰਗ ਦੌਰਾਨ ਪੰਜ ਤੋਂ ਛੇ ਮਹੱਤਵਪੂਰਨ ਵਿਸ਼ਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ, ਜਿਨ੍ਹਾਂ ’ਚ ਹੋਲਸੇਲ ਕੈਮਿਸਟਾਂ ਵੱਲੋਂ ਰਿਟੇਲ ਵਿਕਰੀ, ਜਨ ਔਸ਼ਧੀ ਕੇਂਦਰਾਂ 'ਤੇ ਨਿਰਧਾਰਤ ਦਵਾਈਆਂ ਤੋਂ ਇਲਾਵਾ ਹੋਰ ਦਵਾਈਆਂ ਦੀ ਵਿਕਰੀ, ਕੰਪਨੀਆਂ ਵੱਲੋਂ ਨਿਰਧਾਰਤ ਦਰਾਂ ਤੋਂ ਘੱਟ ਮਾਰਜਨ ਦੇਣਾ, ਡਿਸਕਾਊਂਟ ਬੋਰਡਾਂ ਦਾ ਵਧਦਾ ਰੁਝਾਨ ਤੇ ਹੋਲਸੇਲ ਮਾਰਕੀਟ ਵਿੱਚ ਰਿਟੇਲ ਲਾਇਸੈਂਸ ਜਾਰੀ ਕਰਨ ਵਰਗੇ ਮੁੱਦੇ ਸ਼ਾਮਲ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਕਿਹਾ ਕਿ ਐਸੋਸੀਏਸ਼ਨ ਦਾ ਮੁੱਖ ਉਦੇਸ਼ ਰਿਟੇਲ ਕੈਮਿਸਟਾਂ ਦੇ ਕਾਰੋਬਾਰ ਦੀ ਰੱਖਿਆ ਕਰਨਾ ਤੇ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਸਾਰੇ ਮੁੱਦਿਆਂ ਨੂੰ ਹੱਲ ਕਰਨ ਲਈ ਸਰਕਾਰ ਨਾਲ ਤਾਲਮੇਲ ਬਣਾਇਆ ਜਾਵੇਗਾ ਅਤੇ ਜੇਕਰ ਲੋੜ ਪਈ ਤਾਂ ਡਰੱਗਜ਼ ਐਂਡ ਕਾਸਮੈਟਿਕਸ ਐਕਟ ਵਿੱਚ ਸੋਧਾਂ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਕੈਮਿਸਟ ਐਸੋਸੀਏਸ਼ਨ ਨੂੰ ਉਪਰੋਕਤ ਮੁੱਦਿਆਂ ਦੇ ਹੱਲ ਕਰਵਾਉਣ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਕੁਝ ਦਵਾ ਕੰਪਨੀਆਂ ਵੱਲੋਂ ਬ੍ਰੇਕੇਜ਼ ਅਤੇ ਐਕਸਪਾਇਰੀ ਦਵਾਈਆਂ ਵਾਪਸ ਨਾ ਲੈਣ ਦਾ ਮੁੱਦਾ ਵੀ ਗੰਭੀਰਤਾ ਨਾਲ ਉਠਾਇਆ ਗਿਆ। ਇਸ ਮੁੱਦੇ 'ਤੇ ਸਖ਼ਤ ਰੁਖ਼ ਅਪਣਾਉਂਦਿਆਂ ਸਬੰਧਤ ਕੰਪਨੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ। ਅਸ਼ੋਕ ਬਾਲਿਆਂਵਾਲੀ ਨੇ ਭਰੋਸਾ ਦਿੱਤਾ ਕਿ ਐਸੋਸੀਏਸ਼ਨ ਹਰੇਕ ਮੁੱਦੇ ਨੂੰ ਤਰਜੀਹ ਦੇਵੇਗੀ ਅਤੇ ਜਲਦੀ ਤੋਂ ਜਲਦੀ ਇੱਕ ਠੋਸ ਹੱਲ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਰਿਟੇਲ ਕੈਮਿਸਟਾਂ ਦੇ ਹੱਕਾਂ ਦੀ ਰਾਖੀ ਲਈ ਵੱਡੇ ਪੱਧਰ 'ਤੇ ਅੰਦੋਲਨ ਸ਼ੁਰੂ ਕੀਤਾ ਜਾ ਸਕਦਾ ਹੈ। ਮੀਟਿੰਗ ਦੇ ਅੰਤ ’ਚ ਅਸ਼ੋਕ ਬਾਲਿਆਂਵਾਲੀ ਨੇ ਪੂਰੀ ਆਰਸੀਏ ਟੀਮ ਤੇ ਮੌਜੂਦ ਸਾਰੇ ਰਿਟੇਲਰਾਂ ਦਾ ਧੰਨਵਾਦ ਕੀਤਾ।