ਸਾਮਰਾਜ ਵਿਰੋਧੀ ਦਿਵਸ ਤਹਿਤ ਮਨਾਇਆ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ
ਸ਼ਹੀਦ ਏ ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਸਾਮਰਾਜ ਵਿਰੋਧੀ ਦਿਵਸ ਤੌਰ ’ਤੇ ਮਨਾਇਆ
Publish Date: Mon, 23 Mar 2026 05:12 PM (IST)
Updated Date: Tue, 24 Mar 2026 04:02 AM (IST)

ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਅੱਜ ਟਰੇਡ ਯੂਨੀਅਨ ਕਾਉਂਸਿਲ ਮੌੜ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਦਾਣਾ ਮੰਡੀ ਵਿਖੇ 11 ਵਜੇ ਸਾਮਰਾਜ ਵਿਰੋਧੀ ਦਿਵਸ ਤੌਰ ’ਤੇ ਮਨਾਇਆ ਗਿਆ। ਅੱਜ ਸਾਰੀਆਂ ਜਥੇਬੰਦੀਆਂ ਐੱਫਸੀਆਈ ਪੱਲੇਦਾਰ ਯੂਨੀਅਨ ਮੌੜ ਦੇ ਦਫਤਰ ਇਕੱਤਰਤ ਹੋਣ ਉਪਰੰਤ ਸ਼ਹਿਰ ਵਿਚ ਮਾਰਚ ਕਰਦੇ ਹੋਏ ਮੌੜ ਮੰਡੀ ਦੀ ਦਾਣਾ ਮੰਡੀ ਦੇ ਸ਼ੈੱਡਾਂ ਹੇਠਾਂ ਪ੍ਰੋਗਰਾਮ ’ਚ ਸ਼ਾਮਲ ਹੋਏ। ਜਿੱਥੇ ਵੱਖ ਵੱਖ ਬੁਲਾਰਿਆਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਵੱਖ-ਵੱਖ ਬੁਲਾਰਿਆਂ ਦਰਸ਼ਨ ਮੌੜ, ਮਾਸਟਰ ਤੇਜਾ ਸਿੰਘ, ਬਲਰਾਜ ਮੌੜ, ਗੁਰਦੀਪ ਸਿੰਘ, ਗੁਰਮੇਲ ਸਿੰਘ, ਜਗਸੀਰ ਸਿੰਘ, ਜਗਦੀਸ਼ ਰਾਏ, ਮਾਸਟਰ ਕਮਲ ਹੋਰਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। 23 ਮਾਰਚ 1931 ਨੂੰ ਆਪਣੀ ਫਾਂਸੀ ਤੋਂ ਬਾਅਦ ਦਿੱਲੀ ’ਚ ਹੋਈ ਇਕ ਬੈਠਕ ’ਚ ਸੁਭਾਸ਼ ਚੰਦਰ ਬੋਸ ਨੇ ਕਿਹਾ, ‘ਭਗਤ ਸਿੰਘ ਕੋਈ ਵਿਅਕਤੀ ਨਹੀਂ ਹੈ–ਉਹ ਇੱਕ ਪ੍ਰਤੀਕ ਹੈ, ਉਹ ਇਨਕਲਾਬ ਦਾ ਪ੍ਰਤੀਕ ਹੈ।’ ਸਾਨੂੰ ਉਨ੍ਹਾਂ ਦੀ ਸ਼ਹਾਦਤ ਤੋਂ ਸਿੱਖਣਾ ਚਾਹੀਦਾ ਹੈ ਕਿ ਕਿਵੇਂ ਕਿਸੇ ਨੇ ਦੇਸ਼ ਤੇ ਕੌਮ ਦੀ ਆਜ਼ਾਦੀ ਲਈ ਮੁਸਕਰਾਉਂਦੇ ਹੋਏ ਮੌਤ ਦੇ ਫੰਦੇ ਨੂੰ ਚੁੰਮਿਆ। ਅੱਜ ਸਾਮਰਾਜੀ ਤਾਕਤਾਂ ਲੋਕਾਂ ਦੀ ਕਿਰਤ ਦੀ ਲੁੱਟ ਤਾਂ ਕਰ ਹੀ ਰਹੀਆਂ ਹਨ, ਉਪਰੋਂ ਵੱਖ ਵੱਖ ਮੁਲਕਾਂ ’ਤੇ ਹਮਲੇ ਕਰਕੇ ਨੰਗੀ ਚਿੱਟੀ ਸਾਮਰਾਜੀ ਗੁੰਡਾਗਰਦੀ ਕਰਕੇ ਉਥੋਂ ਦੇ ਰਾਸ਼ਟਰਾਂ ਦੀ ਪ੍ਰਭੂਸੱਤਾ, ਸਨਮਾਨ ਨੂੰ ਮਿੱਟੀ ਵਿਚ ਰੋਲ ਰਿਹਾ ਹੈ, ਅੱਜ ਜੰਗਾਂ ਦਾ ਸਰੂਪ ਬਦਲ ਕੇ ਲੋਕ ਮਾਰੂ ਅਤੇ ਮਨੁੱਖਤਾ ਦਾ ਘਾਣ ਕਰਨ ਵਾਲਾ ਬਣ ਗਿਆ ਹੈ। ਅੱਜ ਸਾਮਰਾਜੀ ਤਾਕਤਾਂ ਨੂੰ ਲੋਕਾਂ ਵੱਲੋਂ ਸੰਦੇਸ਼ ਦੇਣ ਦੀ ਲੋੜ ਹੈ ਤਾਂ ਜੋ ਲੋਕਾਂ ਦਾ ਲੋਕਾਂ ਲਈ ਸ਼ਹੀ ਅਰਥਾਂ ਵਿਚ ਲੋਕਤੰਤਰ ਬਹਾਲ ਕੀਤਾ ਜਾ ਸਕੇ ਅਤੇ ਭਗਤ ਸਿੰਘ ਦੇ ਉਸ ਆਦਰਸ਼ਕ ਵਿਚਾਰ ਕਿ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨੂੰ ਖਤਮ ਕੀਤਾ ਜਾ ਸਕੇ। ਇਹ ਸੁਨੇਹਾ ਹਰ ਕਿਰਤੀ ਸਾਥੀ ਕੋਲ ਪਹੁੰਚਾਇਆ ਜਾਵੇ ਤਾਂ ਜੋ ਸਾਡੇ ਅਜ਼ਾਦੀ ਸੰਗਰਾਮ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਸਕੇ ।