ਸ੍ਰੀ ਦਮਦਮਾ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ
ਸ੍ਰੀ ਦਮਦਮਾ ਸਾਹਿਬ ਵਿਖੇ ਹਫ਼ਤਾਵਾਰੀ ਗੁਰਮਤਿ ਸਮਾਗਮ ਕਰਵਾਇਆ
Publish Date: Mon, 23 Mar 2026 04:34 PM (IST)
Updated Date: Tue, 24 Mar 2026 04:01 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹਫ਼ਤਾਵਾਰੀ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਥਕ ਰਵਾਇਤਾਂ ਅਨੁਸਾਰ ਇਲਾਹੀ ਬਾਣੀ ਦੇ ਪ੍ਰਵਾਹ ਚੱਲੇ ਅਤੇ ਢਾਡੀ ਜਥਿਆਂ ਨੇ ਬੀਰ-ਰਸੀ ਵਾਰਾਂ ਰਾਹੀਂ ਸੰਗਤਾਂ ਅੰਦਰ ਸਿੱਖ ਇਤਿਹਾਸ ਦੇ ਗੌਰਵਮਈ ਪੰਨਿਆਂ ਪ੍ਰਤੀ ਉਤਸ਼ਾਹ ਭਰਿਆ। ਇਸ ਮੌਕੇ ਅੰਮ੍ਰਿਤ ਸੰਚਾਰ ਕਰਵਾਇਆ ਗਿਆ, ਜਿਸ ’ਚ 202 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਗੁਰਬਾਣੀ ਦੀ ਕਥਾ-ਵਿਚਾਰ ਰਾਹੀਂ ਸੰਗਤ ਨੂੰ ਨਿਹਾਲ ਕਰਦਿਆਂ ਗੁਰਮਤਿ ਜੀਵਨ-ਜਾਚ ਦੀ ਮਹੱਤਤਾ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ਵਿਚ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ 'ਤੇ ਚੱਲਣਾ ਹੀ ਮਨੁੱਖਤਾ ਦੇ ਕਲਿਆਣ ਦਾ ਇੱਕੋ-ਇੱਕ ਸਾਧਨ ਹੈ। ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਕੌਮ ਦੇ ਵਰਤਮਾਨ ਹਾਲਾਤ 'ਤੇ ਡੂੰਘੀ ਚਿੰਤਾ ਪ੍ਰਗਟਾਈ। ਉਨ੍ਹਾਂ ਨੌਜਵਾਨ ਪੀੜ੍ਹੀ ਵਿਚ ਵਧ ਰਹੇ ਪਤਿਤਪੁਣੇ ਪ੍ਰਤੀ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਸਿੱਖੀ ਸਰੂਪ ਤੋਂ ਦੂਰ ਹੋਣਾ ਸਾਡੀ ਸੱਭਿਆਚਾਰਕ ਅਤੇ ਰੂਹਾਨੀ ਹੋਂਦ ਲਈ ਵੱਡਾ ਖ਼ਤਰਾ ਹੈ। ਨਸ਼ਿਆਂ ਦੇ ਵੱਧ ਰਹੇ ਰੁਝਾਨ ਨੂੰ ਕੌਮ ਲਈ ‘ਘੁਣ’ ਦੱਸਦਿਆਂ, ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਰਗੀ ਭਿਆਨਕ ਅਲਾਮਤ ਨੂੰ ਤਿਆਗ ਕੇ 'ਅੰਮ੍ਰਿਤ' ਦੇ ਧਾਰਨੀ ਬਣਨ ਅਤੇ ਖ਼ਾਲਸਈ ਸ਼ਾਨੋ-ਸ਼ੌਕਤ ਨੂੰ ਬਹਾਲ ਕਰਨ। ਸਮਾਗਮ ਦੇ ਅਖੀਰ ਵਿਚ ਖੰਡੇ-ਬਾਟੇ ਦੀ ਪਾਹੁਲ ਛਕ ਕੇ ਗੁਰੂ ਦੇ ਲੜ ਲੱਗੇ ਅੰਮ੍ਰਿਤ ਅਭਿਲਾਖੀਆਂ ਨੂੰ ਸਿੰਘ ਸਾਹਿਬ ਨੇ ਵਿਸ਼ੇਸ਼ ਤੌਰ 'ਤੇ ਮੁਬਾਰਕਬਾਦ ਦਿੱਤੀ। ਉਨ੍ਹਾਂ ਨਵੇਂ ਸਜੇ ਸਿੰਘਾਂ ਨੂੰ ਸਿੱਖ ਰਹਿਤ ਮਰਿਯਾਦਾ ਵਿਚ ਪਰਪੱਕ ਰਹਿਣ ਅਤੇ ਕੌਮੀ ਸੇਵਾ ਲਈ ਹਮੇਸ਼ਾ ਤਤਪਰ ਰਹਿਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਨਰਿੰਦਰਜੀਤ ਸਿੰਘ ਮੈਨੇਜਰ ਤਖ਼ਤ ਸ੍ਰੀ ਦਮਦਮਾ ਸਾਹਿਬ, ਭੋਲਾ ਸਿੰਘ ਇੰਚਾਰਜ ਸਭ ਆਫਿਸ ਧਰਮ ਪ੍ਰਚਾਰ ਕਮੇਟੀ, ਗਿਆਨੀ ਗੁਰਜੰਟ ਸਿੰਘ ਸਮੇਤ ਅਤੇ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰੀ।