ਪੰਜਾਬ ਵੱਲੋਂ ਇਨਕਲਾਬੀ ਤਬਦੀਲੀ ਲਈ ਸਰਗਰਮ ਹੋਣ ਦਾ ਸੱਦਾ
ਲੋਕ ਮੋਰਚਾ ਪੰਜਾਬ ਵੱਲੋਂ ਇਨਕਲਾਬੀ ਤਬਦੀਲੀ ਲਈ ਸਰਗਰਮ ਹੋਣ ਦਾ ਸੱਦਾ
Publish Date: Sun, 22 Mar 2026 05:55 PM (IST)
Updated Date: Mon, 23 Mar 2026 04:11 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਲੋਕ ਮੋਰਚਾ ਪੰਜਾਬ ਨੇ ਆਪਣੀ ਸੂਬਾਈ ਜਥੇਬੰਦਕ ਕਨਵੈਨਸ਼ਨ ਨੂੰ ਸਫਲਤਾ ਪੂਰਵਕ ਸਿਰੇ ਚਾੜ੍ਹਦਿਆਂ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਸਾਂਝੇ ਨੀਤੀ ਹਮਲੇ ਖਿਲਾਫ ਸਾਂਝੇ ਸੰਘਰਸ਼ ਉਸਾਰਦੇ ਹੋਏ ਇਸ ਪ੍ਰਬੰਧ ਦੀ ਬੁਨਿਆਦੀ ਤਬਦੀਲੀ ਦੇ ਰਾਹ ਉੱਤੇ ਅੱਗੇ ਵਧਣ ਕਿਉਂਕਿ ਇਸ ਬੁਨਿਆਦੀ ਤਬਦੀਲੀ ਰਾਹੀਂ ਹੀ ਖਰੇ ਲੋਕ ਪੱਖੀ ਰਾਜ ਦੀ ਸਿਰਜਣਾ ਹੋ ਸਕਦੀ ਹੈ। ਇਸ ਕਨਵੈਨਸ਼ਨ ਦੀ ਸ਼ੁਰੂਆਤ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਰਾਹੀਂ ਕੀਤੀ ਗਈ। ਪ੍ਰੋਗਰਾਮ ਦੀ ਪ੍ਰਧਾਨਗੀ ਹਰਬੰਸ ਕੌਰ, ਬਲਕਰਨ ਸਿੰਘ ਅਤੇ ਗੁਰਦੀਪ ਸਿੰਘ ਦੇ ਪ੍ਰਧਾਨਗੀ ਮੰਡਲ ਵੱਲੋਂ ਕੀਤੀ ਗਈ। ਮੋਰਚੇ ਦੇ ਸਕੱਤਰ ਜਗਮੇਲ ਸਿੰਘ ਨੇ ਰਿਪੋਰਟ ਪੇਸ਼ ਕੀਤੀ ਜਦੋਕਿ ਸੂਬਾ ਕਮੇਟੀ ਮੈਂਬਰ ਸ਼ੀਰੀਂ ਵੱਲੋਂ ਮੌਜੂਦਾ ਦੌਰ ਦੀਆਂ ਕੌਮੀ, ਕੌਮਾਂਤਰੀ ਅਤੇ ਸੂਬਾਈ ਹਾਲਤਾਂ ’ਤੇ ਬਾਰੇ ਰਿਪੋਰਟ ਉੱਤੇ ਚਰਚਾ ਦੀ ਸ਼ੁਰੂਆਤ ਕੀਤੀ ਗਈ। ਜਿਸ ਵਿਚ ਹਾਜ਼ਰ ਕਾਰਕੁਨਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਵਿਚਾਰ-ਵਟਾਂਦਰੇ ਵਿਚ ਆਰਥਿਕ ਅਤੇ ਸੰਪਰਦਾਇਕ ਹਮਲਿਆਂ ਦਾ ਮੁਕਾਬਲਾ ਕਰਨ ਲਈ ਮਜ਼ਦੂਰ ਅਤੇ ਆਮ ਲੋਕਾਂ ਦਾ ਇੱਕਜੁੱਟ ਮੋਰਚਾ ਬਣਾਉਣ ਦੀ ਜ਼ਰੂਰਤ ਤੇ ਭਗਤ ਸਿੰਘ ਦੀ ਇਨਕਲਾਬੀ ਸੋਚ ਨੂੰ ਅਪਣਾਉਣ ’ਤੇ ਜੋਰ ਦਿੱਤਾ ਗਿਆ। ਅੰਤ ਵਿਚ ਰਿਪੋਰਟ ਪਾਸ ਕੀਤੀ ਗਈ ਅਤੇ ਭਵਿੱਖ ਦੀਆਂ ਰਣਨੀਤੀਆਂ ਨਿਰਧਾਰਤ ਕੀਤੀਆਂ ਗਈਆਂ। ਅੰਤਰਰਾਸ਼ਟਰੀ ਮੁੱਦਿਆਂ ਅਤੇ ਵਪਾਰ ਸਮਝੌਤਿਆਂ ਖਿਲਾਫ ਵੀ ਦੋ ਮਤੇ ਪਾਸ ਕੀਤੇ ਗਏ।