ਰਾਸ਼ਟਰੀ ਸਵੈਮ ਸੇਵਕ ਸੰਘ ਨੇ ਕਰਵਾਇਆ ਜਗਰਾਤਾ
ਰਾਸ਼ਟਰੀ ਸਵੈਮ ਸੇਵਕ ਸੰਘ ਵੱਲੋਂ ਭਾਰਤ ਮਾਤਾ ਦਾ ਵਿਸ਼ਾਲ ਜਾਗਰਣ ਕਰਵਾਇਆ
Publish Date: Sun, 22 Mar 2026 05:18 PM (IST)
Updated Date: Mon, 23 Mar 2026 04:05 AM (IST)
ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ
ਸਥਾਨਕ ਸ਼ਹਿਰ ਵਿਚ ਰਾਸ਼ਟਰੀ ਸਵੈਮ ਸੇਵਕ ਸੰਘ ਵੱਲੋਂ ਭਾਰਤ ਮਾਤਾ ਦਾ ਦੂਜਾ ਵਿਸ਼ਾਲ ਜਾਗਰਣ ਸ੍ਰੀ ਗੀਤਾ ਭਵਨ ਵਿਚ ਬੜੀ ਸ਼ਰਧਾ ਅਤੇ ਉਤਸ਼ਾਹ ਕਰਵਾਇਆ ਗਿਆ। ਜਗਰਾਤੇ ਦਾ ਮੁੱਖ ਉਦੇਸ਼ ਸਮਾਜ ਵਿਚ ਜਾਗਰੂਕਤਾ ਫੈਲਾਉਣਾ ਅਤੇ ਲੋਕਾਂ ਨੂੰ ਇਕੱਠੇ ਹੋ ਕੇ ਚੰਗੇ ਕੰਮਾਂ ਲਈ ਪ੍ਰੇਰਿਤ ਕਰਨਾ ਸੀ। ਸਮਾਗਮ ਦੌਰਾਨ ਭਗਤੀ ਅਤੇ ਦੇਸ਼ਪ੍ਰੇਮ ਦਾ ਅਦਭੁਤ ਮਿਲਾਪ ਵੇਖਣ ਨੂੰ ਮਿਲਿਆ। ਦੇਸ਼ਭਕਤੀ ਭਰੇ ਗੀਤਾਂ ਅਤੇ ਭਜਨਾਂ ਨਾਲ ਪੂਰਾ ਮਾਹੌਲ ਗੂੰਜਦਾ ਰਿਹਾ। ਸਭ ਤੋਂ ਪਹਿਲਾਂ ਪੂਜਨ ਰਸਮ ਨਾਲ ਜ਼ਿਲ੍ਹਾ ਪ੍ਰਧਾਨ, ਭਾਜਪਾ ਬਠਿੰਡਾ ਗੁਰਪ੍ਰੀਤ ਸਿੰਘ ਮਲੂਕਾ ਨੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਧਵਜਾਰੋਹਣ ਡਾ. ਕੇਕੇ ਗੁਪਤਾ (ਚੇਅਰਮੈਨ, ਕੇਕੇ ਹਸਪਤਾਲ ਰਾਮਾਂ), ਜੋਤ ਪ੍ਰਚਲਿਤ ਵਿਜੈ ਲਹਿਰੀ (ਚੇਅਰਮੈਨ, ਸਟਾਰ ਪਲੱਸ ਕਾਨਵੈਂਟ ਸਕੂਲ), ਤਿਲਕ ਰਸਮ ਬੌਬੀ ਲਹਿਰੀ ਅਤੇ ਉਨ੍ਹਾਂ ਦੀ ਧਰਮਪਤਨੀ ਅਤੇ ਮਾਲਾ ਅਰਪਣ ਦੀ ਰਸਮ ਅਨਿਲ ਕੁਮਾਰ ਜੈਨ ਵੱਲੋਂ ਨਿਭਾਈ ਗਈ। ਇਸ ਮੌਕੇ ਮਹਿੰਦੀਪੁਰ ਬਾਲਾਜੀ ਕੀਰਤਨ ਮੰਡਲ, ਰਾਮਾਂ ਵੱਲੋਂ ਸੁਰੀਲੇ ਭਜਨਾਂ ਨਾਲ ਸੰਗਤਾਂ ਨੂੰ ਮੋਹ ਲਿਆ ਗਿਆ। ਸਮਾਗਮ ਦੌਰਾਨ ਲੰਗਰ/ਭੰਡਾਰੇ ਦੀ ਵੀ ਵਿਵਸਥਾ ਕੀਤੀ ਗਈ। ਅੰਤ ਵਿਚ, ਸਾਰੇ ਸਹਿਯੋਗੀਆਂ ਅਤੇ ਸੰਗਤ ਦਾ ਦਿਲੋਂ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਆਪਣੀ ਹਾਜ਼ਰੀ ਨਾਲ ਇਸ ਮਹਾਨ ਸਮਾਗਮ ਨੂੰ ਯਾਦਗਾਰ ਬਣਾਇਆ।