ਸਾਬਕਾ ਫੌਜੀ ਕੁਲਦੀਪ ਸਿੰਘ ਜਪਾਨ ’ਚ ਵਿਖਾਵੇਗਾ ਆਪਣੇ ਜੌਹਰ
ਨੈਸ਼ਨਲ ਪੱਧਰ ਤੋਂ ਬਾਅਦ ਸਾਬਕਾ ਫੌਜੀ ਕੁਲਦੀਪ ਸਿੰਘ ਜਪਾਨ ’ਚ ਵਿਖਾਵੇਗਾ ਆਪਣੇ ਜੌਹਰ
Publish Date: Sun, 22 Mar 2026 05:04 PM (IST)
Updated Date: Mon, 23 Mar 2026 04:05 AM (IST)

ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ : ਕਹਿੰਦੇ ਹਨ ਕਿ ਜੇਕਰ ਮਨ ਵਿੱਚ ਕੁਝ ਕਰ ਦਿਖਾਉਣ ਦਾ ਜਜ਼ਬਾ ਹੋਵੇ ਤਾਂ ਉਮਰ ਕਦੇ ਵੀ ਰੁਕਾਵਟ ਨਹੀਂ ਬਣਦੀ। ਇਸ ਗੱਲ ਨੂੰ ਸਾਬਤ ਕਰ ਦਿਖਾਇਆ ਹੈ ਪਿੰਡ ਜੀਵਨ ਸਿੰਘ ਵਾਲਾ ਦੇ ਸਾਬਕਾ ਫੌਜੀ ਕੁਲਦੀਪ ਸਿੰਘ ਨੇ, ਜਿਸ ਨੇ ਨੈਸ਼ਨਲ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਪਾਨ ਵਿੱਚ ਹੋਣ ਵਾਲੀ ਅੰਤਰਰਾਸ਼ਟਰੀ ਵੈਟਰਨ ਮੁਕਾਬਲੇ ਲਈ ਆਪਣੀ ਯੋਗਤਾ ਦਰਜ ਕਰਵਾ ਲਈ ਹੈ। ਜਿਕਰਯੋਗ ਹੈ ਕਿ 45ਵੀਂ ਨੈਸ਼ਨਲ ਵੈਟਰਨ ਐਥਲੈਟਿਕ ਚੈਂਪੀਅਨਸ਼ਿਪ 14, 15 ਅਤੇ 16 ਮਾਰਚ 2026 ਨੂੰ ਗੁਰੂ ਕਾਂਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਕਰਵਾਈ ਗਈ ਸੀ। ਇਸ ਚੈਂਪੀਅਨਸ਼ਿਪ ਵਿੱਚ ਦੇਸ਼ ਭਰ ਤੋਂ ਲਗਭਗ 800 ਅਥਲੀਟਾਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਸਾਬਕਾ ਫੌਜੀ ਕੁਲਦੀਪ ਸਿੰਘ ਨੇ 10 ਕਿਲੋਮੀਟਰ ਦੌੜ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ 5 ਕਿਲੋਮੀਟਰ ਦੌੜ ਅਤੇ 1500 ਮੀਟਰ ਦੌੜ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੀ ਸ਼ਾਨਦਾਰ ਕਾਬਲਿਯਤ ਦਾ ਪ੍ਰਦਰਸ਼ਨ ਕੀਤਾ। ਇਸ ਕਾਮਯਾਬੀ ਦੇ ਆਧਾਰ ’ਤੇ ਚੈਂਪੀਅਨਸ਼ਿਪ ਦੇ ਮੁੱਖ ਪ੍ਰਬੰਧਕਾਂ ਨੰਬਰਦਾਰ ਬਲਵਿੰਦਰ ਸਿੰਘ ਕੋਟ ਸ਼ਮੀਰ ਤੇ ਸਤਨਾਮ ਸਿੰਘ ਸਿੱਧੂ ਵੱਲੋਂ ਕੁਲਦੀਪ ਸਿੰਘ ਦਾ ਨਾਮ ਨੈਸ਼ਨਲ ਕਮੇਟੀ ਨੂੰ ਭੇਜਿਆ ਗਿਆ ਹੈ, ਜਿਸ ਦੇ ਆਧਾਰ ’ਤੇ ਹੁਣ ਉਹ ਜਪਾਨ ਵਿੱਚ ਹੋਣ ਵਾਲੇ ਅੰਤਰਰਾਸ਼ਟਰੀ ਵੈਟਰਨ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗਾ। ਖਾਸ ਗੱਲ ਇਹ ਹੈ ਕਿ ਕੁਲਦੀਪ ਸਿੰਘ ਸਿਰਫ਼ ਆਪਣੇ ਲਈ ਹੀ ਨਹੀਂ, ਸਗੋਂ ਨਵੀਂ ਪੀੜ੍ਹੀ ਨੂੰ ਵੀ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਯਤਨਸ਼ੀਲ ਹੈ। ਜਿੱਥੇ ਵੀ ਉਹ ਵੈਟਰਨ ਖੇਡਾਂ ਵਿੱਚ ਭਾਗ ਲੈਣ ਜਾਂਦਾ ਹੈ, ਉੱਥੇ ਉਹ ਆਪਣੀ ਬੇਟੀ ਨਵਨੀਤ ਕੌਰ ਨੂੰ ਵੀ ਨਾਲ ਲਿਜਾ ਕੇ ਉਸ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਦਾ ਹੈ, ਤਾਂ ਜੋ ਉਹ ਵੀ ਭਵਿੱਖ ਵਿੱਚ ਨੈਸ਼ਨਲ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੇ ਪਿੰਡ, ਸੂਬੇ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕੇ। ਕੁਲਦੀਪ ਸਿੰਘ ਦੇ ਪਿੰਡ ਵਾਪਸ ਪਹੁੰਚਣ ’ਤੇ ਪਿੰਡ ਵਾਸੀਆਂ ਵੱਲੋਂ ਉਸ ਦਾ ਭਰਪੂਰ ਸਵਾਗਤ ਕੀਤਾ ਗਿਆ ਅਤੇ ਉਸ ਦੀ ਇਸ ਕਾਮਯਾਬੀ ਨੂੰ ਪਿੰਡ ਲਈ ਮਾਣ ਵਾਲੀ ਗੱਲ ਦੱਸਿਆ ਗਿਆ। ਪਿੰਡ ਵਾਸੀਆਂ ਨੇ ਉਮੀਦ ਜਤਾਈ ਕਿ ਉਹ ਜਪਾਨ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੇਸ਼ ਦਾ ਨਾਮ ਉੱਚਾ ਕਰੇਗਾ।