ਬੇਮੌਸਮੇ ਮੀਂਹ ਨੇ ਪਿੰਡ ਪਥਰਾਲਾ ਵਾਸੀਆਂ ਦੀ ਨੀਂਦ ਉਡਾਈ
ਬੇਮੌਸਮੇ ਮੀਂਹ ਨੇ ਪਿੰਡ ਪਥਰਾਲਾ ਵਾਸੀਆਂ ਦੀ ਨੀਂਦ ਉਡਾਈ, ਸੇਮ ਨਾਲਾ ਕਿਸੇ ਸਮੇਂ ਵੀ ਪਿੰਡ ’ਚ ਵਰਤਾਅ ਸਕਦੇ ਨੇ ਕਹਿਰ
Publish Date: Sat, 21 Mar 2026 06:11 PM (IST)
Updated Date: Sun, 22 Mar 2026 04:10 AM (IST)

- ਸੇਮ ਨਾਲ਼ਾ ਕਿਸੇ ਵੇਲੇ ਵੀ ਪਿੰਡ ’ਚ ਵਰਤਾਅ ਸਕਦੈ ਕਹਿਰ, ਪ੍ਰਸ਼ਾਸਨ ਨੇ ਨਹੀਂ ਲਈ ਸਾਰ ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ ਪਿਛਲੇ ਕਰੀਬ 20 ਘੰਟਿਆਂ ਤੋਂ ਲਗਾਤਾਰ ਪੈ ਰਹੇ ਬੇਮੌਸਮੇ ਮੀਂਹ ਨੇ ਪਿੰਡ ਪਥਰਾਲਾ ਵਾਸੀਆਂ ਦੀ ਨੀਂਦ ਉੱਡਾ ਦਿੱਤੀ ਹੈ। ਪਿੰਡ ਪਥਰਾਲਾ ਦੇ ਸਾਬਕਾ ਸਰਪੰਚ ਜਗਤਾਰ ਸਿੰਘ ਪਥਰਾਲਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਲਈ ਲਸਾੜਾ ਸੇਮ ਨਾਲਾ ਸਭ ਤੋਂ ਵੱਡੀ ਸਮੱਸਿਆ ਬਣ ਚੁੱਕਾ ਹੈ। ਪੰਜਾਬ ਸਰਕਾਰ ਵੱਲੋਂ ਬਣਾਇਆ ਤਾਂ ਸੇਮ ਦੀ ਸਮੱਸਿਆ ਹੱਲ ਕਰਨ ਸੀ, ਪ੍ਰੰਤੂ ਹੁਣ ਇਹ ਗੰਦੇ ਨਾਲੇ ਦਾ ਰੂਪ ਧਾਰਕੇ ਨੇੜਲੇ ਪਿੰਡਾਂ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਦਾ ਕਾਰਨ ਬਣ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ’ਚੋਂ ਸੇਮ ਦੀ ਸਮੱਸਿਆ ਖ਼ਤਮ ਕਰਨ ਲਈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਲਸਾੜਾ ਤੋਂ ਸ਼ੁਰੂ ਹੋਇਆ ਇਹ ਲੋਅਰ ਲਸਾੜਾ ਸੇਮ ਨਾਲਾ ਹਰਿਆਣਾ ਵਿੱਚੋਂ ਹੁੰਦਾ ਹੋਇਆ ਰਾਜਸਥਾਨ ਦੇ ਟਿੱਬਿਆਂ ਤਕ 225 ਕਿਲੋਮੀਟਰ ਦਾ ਸਫ਼ਰ ਤਹਿ ਕਰਦਾ ਸੀ, ਜੋ ਪੰਜਾਬ ’ਚੋਂ ਸੇਮ ਖਤਮ ਕਰਨ ਤੇ ਰਾਜਸਥਾਨ ਦੀ ਰੇਤਲੀ ਭੂਮੀ ਨੂੰ ਪਾਣੀ ਦੇਣ ਦੇ ਮਕਸਦ ਨਾਲ ਬਣਾਇਆ ਗਿਆ, ਪ੍ਰੰਤੂ ਹਰਿਆਣਾ ਸਰਕਾਰ ਵੱਲੋਂ ਸਾਲ 1977 ’ਚ ਪੰਜਾਬ ਦੀ ਹੱਦ ’ਤੇ ਇਸ ਨੂੰ ਬੰਨ੍ਹ ਮਾਰਕੇ ਅੱਗੋਂ ਪਾਣੀ ਬੰਦ ਕਰ ਦਿੱਤਾ ਗਿਆ। ਸੇਮ ਨਾਲੇ ਦੀ ਜ਼ਮੀਨ ਹਰਿਆਣਾ ਦੇ ਕਿਸਾਨਾਂ ਨੂੰ ਵਾਪਸ ਕਰ ਦਿੱਤੀ ਗਈ, ਜੋ ਹੁਣ ਪੰਜਾਬ ਦੇ ਹਰਿਆਣਾ ਨਾਲ ਲੱਗਦੇ ਕਈ ਪਿੰਡਾਂ ਲਈ ਖ਼ਤਰੇ ਦਾ ਕਾਰਨ ਬਣ ਗਿਆ ਹੈ। ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਬਠਿੰਡਾ ਜ਼ਿਲ੍ਹੇ ’ਚ ਇਸ ਦੀ ਹੋਂਦ ਤਪਾ ਮੰਡੀ ਨੇੜੇ ਬਠਿੰਡਾ ਪਟਿਆਲਾ ਫਾਟਕ ਪੁਲ ਬੁਰਜ਼ੀ ਨੰਬਰ 463385 ਤੋਂ ਸ਼ੁਰੂ ਹੋ ਕੇ ਹਰਿਆਣਾ ਰਾਜ ਦੀ ਹੱਦ ਬੁਰਜ਼ੀ 185000 ਤਕ ਰਹਿ ਗਈ ਹੈ, ਜਿੱਥੇ ਸੰਗਤ ਬਲਾਕ ਦੇ ਪਿੰਡ ਡੂੰਮਵਾਲੀ ਨੇੜੇ ਹਰਿਆਣਾ ਸਰਕਾਰ ਨੇ ਵੱਡਾ ਬੰਨ੍ਹ ਮਾਰ ਕੇ ਅੱਗੋਂ ਪਾਣੀ ਦਾ ਵਹਾਅ ਰੋਕ ਦਿੱਤਾ ਹੈ। ਬਰਸਾਤ ’ਚ ਉਪਰਲੀਆਂ ਰੀਚਾਂ ਤੋਂ ਇਲਾਵਾ ਬਠਿੰਡਾ ਬਰਨਾਲਾ ਕਰਾਸਿੰਗ ਰੋਡ ਪੁਲ ਬੁਰਜ਼ੀ ਨੰਬਰ 447506 ਸਹਿਣਾ ਅਸਕੇਪ ਦਾ ਪਾਣੀ ਵੀ ਇਥੇ ਆ ਕੇ ਇਕੱਠਾ ਹੋ ਜਾਂਦਾ ਹੈ ਅਤੇ ਬਠਿੰਡਾ ਸ਼ਹਿਰ ਦੇ ਸੀਵਰੇਜ ਤੋਂ ਇਲਾਵਾ ਹੋਰਨਾ ਮੰਡੀਆਂ ਤੇ ਕਸਬਿਆਂ ਦਾ ਗੰਦਾ ਪਾਣੀ ਵੀ ਇਸ ਵਿੱਚ ਸ਼ਾਮਲ ਹੋ ਕੇ ਪਿੰਡ ਪਥਰਾਲਾ ਨੇੜੇ ਗੰਦੇ ਪਾਣੀ ਦੇ ਛੱਪੜ ਦਾ ਰੂਪ ਧਾਰਨ ਕਰ ਜਾਂਦਾ ਹੈ। ਬੀਤੇ ਦਿਨ ਪਏ ਮੀਂਹ ਕਾਰਨ ਹੁਣ 15 ਤੋਂ 20 ਫੁੱਟ ਤਕ ਪਾਣੀ ਸੇਮ ਨਾਲੇ ’ਚ ਚੜ੍ਹ ਚੁੱਕਾ ਹੈ, ਜੋ ਪਥਰਾਲਾ ਪਿੰਡ ਵੱਲ ਟੁੱਟ ਕੇ ਕਿਸੇ ਸਮੇਂ ਵੀ ਪਿੰਡ ਵਾਸੀਆਂ ਲਈ ਕਹਿਰ ਵਰਤਾਅ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅਜੇ ਤਕ ਪਿੰਡ ਵਾਸੀਆਂ ਦੀ ਕੋਈ ਸਾਰ ਨਹੀਂ ਲਈ ਗਈ, ਸਗੋਂ ਪਿੰਡ ਵਾਸੀ ਬੰਨ੍ਹ ਟੁੱਟਣ ਦੇ ਡਰੋਂ ਖੁਦ ਪਹਿਰੇਦਾਰੀ ਕਰ ਰਹੇ ਹਨ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਲਾਕੇ ਦੇ ਲੋਕਾਂ ਲਈ ਮੁਸੀਬਤ ਬਣੇ ਸੇਮ ਨਾਲੇ ਦੀ ਇਸ ਵੱਡੀ ਸਮੱਸਿਆ ਦਾ ਕੋਈ ਹੱਲ ਲੱਭਕੇ ਲੋਕਾਂ ਦੀ ਸਿਹਤ ਨਾਲ ਹੋਣ ਵਾਲੇ ਖਿਲਵਾੜ ਤੋਂ ਨਿਜ਼ਾਤ ਦਿਵਾਈ ਜਾਵੇ। ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਸਰਪੰਚ ਬੰਤ ਸਿੰਘ ਪਥਰਾਲਾ, ਸਾਬਕਾ ਪੰਚ ਜਗਸੀਰ ਸਿੰਘ ਸਰਾਂ, ਕਾਕਾ ਸਿੰਘ ਖਾਲਸਾ, ਥਾਣਾ ਸਿੰਘ, ਗੁਰਮੇਲ ਸਿੰਘ, ਜਗਦੇਵ ਸਿੰਘ ਪੰਚ, ਰਛਪਾਲ ਸਿੰਘ ਰਿੰਪੀ, ਗੁਰਦੀਪ ਸਿੰਘ ਅਤੇ ਗੁਰਮੇਲ ਸਿੰਘ ਬਿੱਸੂ ਆਦਿ ਮੌਜੂਦ ਸਨ।