ਚੇਅਰਮੈਨ ਵੱਲੋਂ ਵਪਾਰੀਆਂ ਦੀਆਂ ਮੰਗਾਂ ਹੱਲ ਕਰਵਾਉਣ ਦਾ ਭਰੋਸਾ
ਬਠਿੰਡਾ ਸ਼ਹਿਰ ਵਿੱਚ ਦੂਜੀ ਵਾਰ ਵਪਾਰੀ ਵਰਗ ਅਤੇ ਪ੍ਰਸ਼ਾਸਨ ਦੁਆਰਾ ਕੀਤੀ ਗਈ ਮੀਟਿੰਗ
Publish Date: Sat, 21 Mar 2026 05:39 PM (IST)
Updated Date: Sun, 22 Mar 2026 04:08 AM (IST)

-ਵਪਾਰੀਆਂ ਨੂੰ ਹੋਰ ਹੁਲਾਰਾ ਦੇਣ ਲਈ ਕਰਵਾਏ ਜਾ ਰਹੇ ਨੇ ਨਿਵੇਸ਼ ਸੰਮੇਲਨ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੇ ਬੈਨਰ ਹੇਠ ਐਕਸਾਈਜ਼ ਐਂਡ ਟੈਕਸੇਸ਼ਨ ਬਠਿੰਡਾ ਦੇ ਚੇਅਰਮੈਨ ਬਿਕਰਮ ਲਵਲੀ ਦੁਆਰਾ ਸਥਾਨਕ ਫਾਇਰ ਬ੍ਰਿਗੇਡ ਚੌਂਕ ਵਿਖੇ ਵਪਾਰੀ ਵਰਗ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆ “ਵਪਾਰੀਆਂ ਦੀ ਸਮੱਸਿਆਵਾਂ ਨੂੰ ਸੁਣਿਆ ਗਿਆ ਅਤੇ ਕੁੱਝ ਸਮੱਸਿਆਵਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ। ਇਸ ਦੌਰਾਨ ਚੇਅਰਮੈਨ ਬਿਕਰਮ ਲਵਲੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਪਾਰੀ ਵਰਗ ਨੂੰ ਆਪਣੇ ਵਪਾਰ ਨੂੰ ਹੋਰ ਅੱਗੇ ਵਾਸਤੇ ਵਧੀਆ ਮਾਹੌਲ ਦੇਣ ਲਈ ਵਚਨਬੱਧ ਹੈ। ਉਨ੍ਹਾਂ ਵਪਾਰੀ ਵਰਗ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਜੋ ਵੀ ਸਮੱਸਿਆ ਉਨ੍ਹਾਂ ਨੂੰ ਆ ਰਹੀ ਹੈ ਉਸ ਸਬੰਧੀ ਸੂਬਾ ਸਰਕਾਰ ਨੂੰ ਇਸਦੇ ਹੱਲ ਸਬੰਧੀ ਸਿਫਾਰਿਸ ਕਰਦਿਆਂ ਜਲਦੀ ਲਿਖਕੇ ਭੇਜਿਆ ਜਾਵੇਗਾ ਤਾਂ ਜੋ ਇਸ ਦਾ ਹੱਲ ਕਰਵਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਦਾ ਉਦੇਸ਼ ਵਪਾਰੀਆਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਪ੍ਰਤੀਨਿਧੀਆਂ ਵਿਚਕਾਰ ਸਿੱਧਾ ਸੰਵਾਦ ਸਥਾਪਿਤ ਕਰਨਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੁਆਰਾ ਵਪਾਰੀਆਂ ਦੀ ਭਲਾਈ ਪੂਰੀ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਸੂਬਾ ਸਰਕਾਰ ਨਾਲ ਲਗਾਤਾਰ ਤਾਲਮੇਲ ਬਣਾਈ ਰੱਖਣ ਲਈ ਸਮੇਂ-ਸਮੇਂ ਅਨੁਸਾਰ ਨਿਯਮਿਤ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਆਉਣ ਸਮੇਂ ਵਿੱਚ ਵੀ ਇਹ ਮੀਟਿੰਗਾਂ ਇਸੇ ਤਰ੍ਹਾਂ ਕੀਤੀਆਂ ਜਾਣਗੀਆਂ। ਇਸ ਦੌਰਾਨ ਵਿਧਾਇਕ ਬਠਿੰਡਾ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਸੂਬਾ ਸਰਕਾਰ ਦੁਆਰਾ ਵਪਾਰੀ ਵਰਗ ਦੇ ਮਸਲਿਆਂ ਲਈ ਪੂਰੀ ਵਚਲਵੱਧਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰ ਵੱਲੋਂ ਵੱਖ-ਵੱਖ ਨਿਵੇਸ਼ ਸੰਮੇਲਨ ਕਰਕੇ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਸੂਬੇ ਵਿੱਚ ਨਿਵੇਸ਼ ਦਾ ਮੌਕਾ ਦਿੱਤਾ ਜਾ ਰਿਹਾ ਹੈ ਤਾਂ ਜੋ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਮਿਲਣ ਤੋਂ ਇਲਾਵਾ ਵਪਾਰੀ ਵਰਗ ਨੂੰ ਹੋਰ ਵੀ ਹੁੰਗਾਰਾ ਮਿਲ ਸਕੇ। ਜ਼ਿਲ੍ਹਾ ਪ੍ਰਸ਼ਾਸਨ ਅਤੇ ਜੀਐਸਟੀ ਵਿਭਾਗ ਦੁਆਰਾ ਵਪਾਰੀਆਂ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਦੀਆਂ ਜਾਇਜ਼ ਸਮੱਸਿਆਵਾਂ ਦਾ ਤੁਰੰਤ ਅਤੇ ਨਿਰਪੱਖ ਹੱਲ ਕੀਤਾ ਜਾਵੇਗਾ। ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਅਤੇ ਸਟਾਫ਼ ਨੇ ਮੀਟਿੰਗ ਦੌਰਾਨ ਉਠਾਏ ਗਏ ਮੁੱਦਿਆਂ ਨੂੰ ਗੰਭੀਰਤਾ ਨਾਲ ਨੋਟ ਕੀਤਾ ਗਿਆ ਤਾਂ ਜੋ ਇਨ੍ਹਾਂ ਦਾ ਜਲਦ ਹੱਲ ਕੀਤਾ ਜਾ ਸਕੇ। ਮੀਟਿੰਗ ਸਕਾਰਾਤਮਕ ਮਾਹੌਲ ਵਿੱਚ ਸਮਾਪਤ ਹੋਈ ਅਤੇ ਸਾਰੇ ਪੱਖਾਂ ਵੱਲੋਂ ਬਠਿੰਡਾ ਦੇ ਵਪਾਰੀ ਵਰਗ ਦੀ ਤਰੱਕੀ ਅਤੇ ਭਲਾਈ ਲਈ ਮਿਲਜੁਲ ਕੇ ਕੰਮ ਕਰਨ ਦਾ ਭਰੋਸਾ ਪ੍ਰਗਟਾਇਆ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਚੇਅਰਮੈਨ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ, ਵਪਾਰੀ ਵਰਗ ਤੋਂ ਇਲਾਵਾ ਹੋਰਨਾਂ ਦਾ ਜਿੰਨ੍ਹਾਂ ਵੱਲੋਂ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਗਿਆ ਹੈ, ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ ਗਿਆ। ਇਸ ਮੀਟਿੰਗ ਵਿੱਚ ਡਾ. ਤਰਸੇਮ ਗਰਗ ਟ੍ਰੇਡ ਕਮਿਸ਼ਨ ਦੇ ਮੈਂਬਰ, ਰਾਕੇਸ਼ ਗੁਪਤਾ ਬਠਿੰਡਾ ਅਰਬਨ ਦੇ ਚੇਅਰਮੈਨ ਐਕਸਾਈਜ਼ ਐਂਡ ਟੈਕਸੇਸ਼ਨ, ਬਲਾਕ ਪ੍ਰਧਾਨ ਮੋਹਿਤ ਗੋਇਲ, ਚੰਦਰ ਜੀਤ, ਬਲਜੀਤ ਸਿੰਘ, ਯੋਗੇਸ਼ ਕੁਮਾਰ ਤੋਂ ਇਲਾਵਾ ਵੱਖ-ਵੱਖ ਮਾਰਕੀਟਾਂ ਦੇ ਪ੍ਰਧਾਨਾਂ, ਸਕੱਤਰਾਂ ਅਤੇ ਸੀਨੀਅਰ ਮੈਂਬਰਾਂ ਸਮੇਤ ਵੱਡੀ ਗਿਣਤੀ ਵਿੱਚ ਵਪਾਰੀ ਵਰਗ ਵੱਲੋਂ ਪੂਰੇ ਉਤਸ਼ਾਹ ਨਾਲ ਭਾਗ ਲਿਆ ਗਿਆ।