ਪੁਲਿਸ ਨੇ 83 ਸ਼ਿਕਾਇਤਾਂ ਮੌਕੇ ’ਤੇ ਕੀਤੀਆਂ ਹੱਲ
ਬਠਿੰਡਾ ਪੁਲਿਸ ਦਾ ਮੇਗਾ ਸਮਾਧਾਨ ਕੈਂਪ, 83 ਸ਼ਿਕਾਇਤਾਂ ਦਾ ਮੌਕੇ ‘ਤੇ ਨਿਪਟਾਰਾ
Publish Date: Sat, 21 Mar 2026 05:34 PM (IST)
Updated Date: Sun, 22 Mar 2026 04:08 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਵਿੱਚ ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਬਠਿੰਡਾ ਪੁਲਿਸ ਵੱਲੋਂ ਵਿਸ਼ੇਸ਼ ਮੇਗਾ ਸਮਾਧਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਗਿਆ। ਕੈਂਪ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨਾ ਤੇ ਛੋਟੇ-ਮੋਟੇ ਵਿਵਾਦਾਂ ਨੂੰ ਆਪਸੀ ਸਹਿਮਤੀ ਨਾਲ ਸੁਲਝਾਉਣਾ ਸੀ। ਐੱਸਐੱਸਪੀ. ਡਾ. ਜਯੋਤੀ ਯਾਦਵ ਬੈਂਸ ਨੇ ਦੱਸਿਆ ਕਿ ਕੈਂਪ ਦੌਰਾਨ ਆਏ ਲੋਕਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਗਿਆ ਅਤੇ ਜਿਹੜੇ ਮਾਮਲੇ ਆਪਸੀ ਸਹਿਮਤੀ ਨਾਲ ਸੁਲਝ ਸਕਦੇ ਸਨ, ਉਨ੍ਹਾਂ ਦਾ ਤੁਰੰਤ ਨਿਪਟਾਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੁੱਲ 83 ਅਰਜ਼ੀਆਂ ਦਾ ਸਫਲ ਨਿਪਟਾਰਾ ਕੀਤਾ ਗਿਆ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ। ਐਸਐਸਪੀ ਨੇ ਕਿਹਾ ਕਿ ਕੈਂਪ ਵਿੱਚ ਮੁੱਖ ਤੌਰ ’ਤੇ ਘਰੇਲੂ ਵਿਵਾਦ, ਪੈਸਿਆਂ ਦੇ ਲੈਣ-ਦੇਣ ਨਾਲ ਜੁੜੇ ਝਗੜੇ ਅਤੇ ਹੋਰ ਛੋਟੇ ਪੱਧਰ ਦੇ ਮਾਮਲੇ ਸ਼ਾਮਲ ਸਨ, ਜਿਨ੍ਹਾਂ ਨੂੰ ਮੌਕੇ ‘ਤੇ ਹੀ ਸੁਲਝਾਇਆ ਜਾ ਸਕਦਾ ਸੀ। ਇਨ੍ਹਾਂ ਮਾਮਲਿਆਂ ਵਿੱਚ ਦੋਵੇਂ ਪੱਖਾਂ ਨੂੰ ਬੁਲਾ ਕੇ ਉਨ੍ਹਾਂ ਦੀ ਗੱਲ ਸੁਣੀ ਗਈ ਤੇ ਸਮਝੌਤੇ ਰਾਹੀਂ ਹੱਲ ਕਰਵਾਇਆ ਗਿਆ। ਇਸ ਤਰ੍ਹਾਂ ਦੇ ਕਦਮ ਨਾ ਸਿਰਫ ਪੁਲਿਸ ਅਤੇ ਜਨਤਾ ਵਿਚਕਾਰ ਭਰੋਸਾ ਮਜ਼ਬੂਤ ਕਰਦੇ ਹਨ, ਸਗੋਂ ਨਿਆਂ ਪ੍ਰਕਿਰਿਆ ਨੂੰ ਵੀ ਤੇਜ਼ ਅਤੇ ਸਰਲ ਬਣਾਉਂਦੇ ਹਨ। ਪੁਲਿਸ ਅਧਿਕਾਰੀਆਂ ਦੇ ਅਨੁਸਾਰ ਇਹ ਕੈਂਪ ਖ਼ਾਸ ਕਰਕੇ ਉਹਨਾਂ ਬਕਾਇਆ ਮਾਮਲਿਆਂ ਲਈ ਲਗਾਇਆ ਗਿਆ ਸੀ, ਜਿੱਥੇ ਜਾਂਚ ਅਧਿਕਾਰੀ ਕਿਸੇ ਇੱਕ ਪੱਖ ਤੱਕ ਨਹੀਂ ਪਹੁੰਚ ਸਕੇ ਜਾਂ ਮਾਮਲੇ ਲੰਬੇ ਸਮੇਂ ਤੋਂ ਅਟਕੇ ਹੋਏ ਸਨ। ਇਸ ਤੋਂ ਇਲਾਵਾ ਛੋਟੇ-ਮੋਟੇ ਅਪਰਾਧਿਕ ਮਾਮਲਿਆਂ ਨਾਲ ਜੁੜੀਆਂ ਸਥਾਨਕ ਸ਼ਿਕਾਇਤਾਂ ਨੂੰ ਵੀ ਤਰਜੀਹ ਦੇ ਆਧਾਰ ‘ਤੇ ਨਿਪਟਾਇਆ ਗਿਆ। ਸ਼ਨੀਵਾਰ ਨੂੰ ਛੁੱਟੀ ਹੋਣ ਕਰਕੇ ਵੱਡੀ ਗਿਣਤੀ ਵਿੱਚ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਕੈਂਪ ਵਿੱਚ ਪਹੁੰਚੇ। ਲੋਕਾਂ ਨੇ ਇਸ ਪਹਿਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਸਮਾਧਾਨ ਕੈਂਪ ਨਿਯਮਿਤ ਤੌਰ ‘ਤੇ ਲਗਾਏ ਜਾਣ ਚਾਹੀਦੇ ਹਨ, ਤਾਂ ਜੋ ਆਮ ਲੋਕਾਂ ਨੂੰ ਤੁਰੰਤ ਰਾਹਤ ਮਿਲ ਸਕੇ। ਪੁਲਿਸ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਕੈਂਪ ਲਗਾਏ ਜਾਣਗੇ, ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਦਾ ਜਲਦੀ ਅਤੇ ਪਾਰਦਰਸ਼ੀ ਹੱਲ ਯਕੀਨੀ ਬਣਾਇਆ ਜਾ ਸਕੇ।