- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਖਤ ਸ੍ਰੀ ਦਮਦਮਾ ਸਾਹਿਬ ਲਈ ਰੇਲ ਲਾਈਨ ਦਾ ਪ੍ਰੋਜੈਕਟ ਮਨਜ਼ੂਰ ਹੋਣਾ ਅਕਾਲੀ ਦਲ ਦੀ ਵੱਡੀ ਪ੍ਰਾਪਤੀ : ਗੋਲਡੀ

ਧਰਮਪਾਲ ਸਿੰਘ, ਪੰਜਾਬੀ ਜਾਗਰਣ. ਸੰਗਤ ਮੰਡੀ
ਸ੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਨੇ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਰੇਲ ਲਾਈਨ ਨਾਲ ਜੋੜਨ ਦੇ ਪ੍ਰੋਜੈਕਟ ਦੀ ਮਨਜ਼ੂਰੀ ਸਬੰਧੀ ਦਿੱਤੇ ਇਹ ਬਿਆਨ ਕਿ ਹਰਸਿਮਰਤ ਕੌਰ ਬਾਦਲ ਵੱਲੋਂ ਇਸ ਪ੍ਰੋਜੈਕਟ ਲਈ ਕੋਈ ਕੰਮ ਨਹੀਂ ਕੀਤਾ ਗਿਆ, ਦਾ ਗੰਭੀਰ ਨੋਟਿਸ ਲੈਂਦਿਆਂ ਬਿੱਟੂ ਨੂੰ ਘੱਟ ਬੋਲਣ ਦੀ ਸਲਾਹ ਦਿੱਤੀ। ਗੋਲਡੀ ਨੇ ਕਿਹਾ ਕਿ ਕੁਰਸੀ ਦੇ ਲਾਲਚ ਲਈ ਦਲਬਦਲੀ ਕਰਨ ਵਾਲੇ ਹਾਰੇ ਹੋਏ ਲੀਡਰ ਨੂੰ ਭਾਜਪਾ ਨੇ ਆਪਣੇ ਮਤਲਬ ਲਈ ਮੰਤਰੀ ਬਣਾ ਦਿੱਤਾ ਹੈ, ਪਰ ਰਵਨੀਤ ਬਿੱਟੂ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਤੇ ਗੁਮਰਾਹਕੁੰਨ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਕਿਉਂਕਿ ਤਖਤ ਸ਼੍ਰੀ ਦਮਦਮਾ ਸਾਹਿਬ ਨੂੰ ਰੇਲ ਲਾਈਨ ਨਾਲ ਜੋੜਨ ਲਈ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਬਤੌਰ ਮੰਤਰੀ ਰਹਿੰਦਿਆਂ ਹੁਣ ਤਕ ਹਰ ਸੈਸ਼ਨ ਵਿੱਚ ਮੁੱਦਾ ਉਠਾਇਆ ਗਿਆ। ਕੇਂਦਰੀ ਰੇਲ ਮੰਤਰੀ, ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਤਕ ਪਹੁੰਚ ਕਰਕੇ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਯਤਨ ਕੀਤੇ, ਜੇਕਰ ਕੇਂਦਰ ਵੱਲੋਂ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦਿੰਦੇ ਹੋਏ ਫੰਡ ਰਿਲੀਜ਼ ਕੀਤੇ ਹਨ ਤਾਂ ਉਹ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਦੀ ਵੱਡੀ ਪ੍ਰਾਪਤੀ ਹੈ ਤੇ ਅਕਾਲੀ ਦਲ ਦੀ ਸਰਕਾਰ ਵੇਲੇ ਕੀਤੇ ਯਤਨਾਂ ਨੂੰ ਬੂਰ ਪਿਆ ਹੈ। ਗੋਲਡੀ ਨੇ ਕਿਹਾ ਕਿ ਰਵਨੀਤ ਬਿੱਟੂ ਫੋਕੀ ਸ਼ੋਹਰਤ ਹਾਸਲ ਕਰਨ ਤੇ ਅਖਬਾਰਾਂ ਵਿੱਚ ਸੁਰਖੀਆਂ ਬਟੋਰਨ ਲਈ ਅਕਾਲੀ ਦਲ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪ੍ਰਤੀ ਮਾੜੀ ਬਿਆਨਬਾਜੀ ਤੋਂ ਗੁਰੇਜ਼ ਕਰਨ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਸੂਬੇ ਦੀ ਤਰੱਕੀ ਹੋਈ, ਚਾਰ ਅਤੇ ਛੇ ਲਾਈਨ ਸੜਕਾਂ, ਯੂਨੀਵਰਸਿਟੀਆਂ, ਹਵਾਈ ਅੱਡੇ ਬਣੇ, ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਯਤਨ ਸਦਕਾ ਹੀ ਏਮਜ਼ ਵਰਗੇ ਹਸਪਤਾਲ ਹੋਂਦ ਵਿੱਚ ਆਏ, ਪਰੰਤੂ ਰਵਨੀਤ ਬਿੱਟੂ ਜਵਾਬ ਦੇਵੇ ਕਿ ਉਸਨੇ ਹੁਣ ਤਕ ਪੰਜਾਬ ਲਈ ਕਿਹੜਾ ਪ੍ਰੋਜੈਕਟ ਲਿਆਂਦਾ ਅਤੇ ਕੀ ਕੀਤਾ, ਬੇ-ਮਤਲਬੀ ਬਿਆਨਬਾਜੀ ਕਰਕੇ ਲੋਕਾਂ ਨੂੰ ਗੁਮਰਾਹ ਕਰਨਾ ਚੰਗਾ ਨਹੀਂ ਹੈ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਹਮੇਸ਼ਾ ਹੀ ਲੋਕ ਮੁੱਦਿਆਂ ਦੀ ਗੱਲ ਕਰਦੇ ਆਏ ਹਨ, ਬਠਿੰਡਾ ਅਤੇ ਪੰਜਾਬ ਦੇ ਮੁੱਦੇ ਬੇਬਾਕੀ ਨਾਲ ਉਠਾਉਂਦੇ ਆਏ ਹਨ। ਇੱਥੋਂ ਤਕ ਕਿ ਉਨ੍ਹਾਂ ਪੰਜਾਬ ਤੇ ਕਿਸਾਨੀ ਲਈ ਕੇਂਦਰ ਦੇ ਲਿਆਂਦੇ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਕੁਰਸੀ ਵੀ ਤਿਆਗ ਦਿੱਤੀ। ਇਸ ਕਰਕੇ ਦਲਬਦਲੂ ਬਿੱਟੂ ਵਰਗੇ ਬਾਦਲ ਪਰਿਵਾਰ, ਅਕਾਲੀ ਦਲ ਜਾਂ ਹਰਸਿਮਰਤ ਕੌਰ ਬਾਦਲ ਦਾ ਮੁਕਾਬਲਾ ਨਹੀਂ ਕਰ ਸਕਦੇ, ਕਿਉਂਕਿ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਹੈ। ਪੰਜਾਬ ਦੀਆਂ ਸਮੂਹ ਸਿੱਖ ਜਥੇਬੰਦੀਆਂ ਅਤੇ ਦੁਨੀਆਂ ਭਰ ਵਿੱਚ ਵਸਦੇ ਪੰਜਾਬੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਇਨ੍ਹਾਂ ਯਤਨਾਂ ਲਈ ਧੰਨਵਾਦੀ ਹਨ।