ਬਜ਼ੁਰਗਾਂ ਨੇ ਲੋਕ-ਗੀਤ ਪੇਸ਼ ਕਰਕੇ ਸਮਾਗਮ ਨੂੰ ਬਣਾਇਆ ਰੌਣਕਮਈ
“ਸਾਡੇ ਬਜ਼ੁਰਗ ਸਾਡਾ ਮਾਣ”ਮੁਹਿੰਮ ਤਹਿਤ ਬਠਿੰਡਾ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ
Publish Date: Sat, 21 Mar 2026 05:25 PM (IST)
Updated Date: Sun, 22 Mar 2026 04:08 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ
ਪੰਜਾਬ ਸਰਕਾਰ ਵੱਲੋਂ ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ ਦੇ ਨਿਰਦੇਸ਼ਾਂ ਤਹਿਤ “ਸਾਡੇ ਬਜ਼ੁਰਗ ਸਾਡਾ ਮਾਣ”ਮੁਹਿੰਮ ਤਹਿਤ ਬਜ਼ੁਰਗਾਂ ਦੀ ਭਲਾਈ ਲਈ ਸਥਾਨਕ ਐੱਸਐੱਸਡੀ. ਗਰਲਜ਼ ਕਾਲਜ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਨਵੀਂ ਅਤੇ ਪੁਰਾਣੀ ਪੀੜ੍ਹੀ ਵਿਚਕਾਰ ਸਾਂਝ, ਸਤਿਕਾਰ ਤੇ ਸਮਝ ਨੂੰ ਮਜ਼ਬੂਤ ਕਰਨਾ ਸੀ। ਸਮਾਗਮ ਦੌਰਾਨ ਅੰਤਰ-ਪੀੜੀ ਸਾਂਝ ਸਰਗਰਮੀਆਂ ਰਾਹੀਂ ਨੌਜਵਾਨਾਂ ਤੇ ਬਜ਼ੁਰਗਾਂ ਵਿਚਕਾਰ ਵਿਚਾਰਾਂ ਅਤੇ ਤਜਰਬਿਆਂ ਦੀ ਸਾਂਝ ਪਾਈ ਗਈ। ਜਿਸ ਨਾਲ ਆਪਸੀ ਸਮਝ ਅਤੇ ਨਜ਼ਦੀਕੀਆਂ ਵਿੱਚ ਵਾਧਾ ਹੋਇਆ। ਇਸ ਦੇ ਨਾਲ ਹੀ ਉਤਪਾਦਕ ਅਤੇ ਸੱਭਿਆਚਾਰਕ ਸਰਗਰਮੀਆਂ ਰਾਹੀਂ ਬਜ਼ੁਰਗਾਂ ਨੂੰ ਸਰਗਰਮ, ਸਿਹਤਮੰਦ ਅਤੇ ਖੁਦਮੁਖਤਿਆਰ ਜੀਵਨ ਜੀਊਣ ਲਈ ਪ੍ਰੇਰਿਤ ਕੀਤਾ ਗਿਆ। ਬਜ਼ੁਰਗਾਂ ਵੱਲੋਂ ਆਪਣੇ ਜੀਵਨ ਦੇ ਅਨੁਭਵ ਸਾਂਝੇ ਕੀਤੇ ਗਏ, ਜਿਸ ਨਾਲ ਨਵੀਂ ਪੀੜ੍ਹੀ ਨੂੰ ਪ੍ਰੇਰਣਾ ਤੇ ਮਾਰਗਦਰਸ਼ਨ ਪ੍ਰਾਪਤ ਹੋਇਆ। ਇਸ ਮੌਕੇ ਪੇਂਡੂ ਸਵੈ-ਰੁਜ਼ਗਾਰ ਸੰਸਥਾ, ਵੋਕੇਸ਼ਨਲ ਰੀਹੈਬਿਲੀਟੇਸ਼ਨ ਸੈਂਟਰ ਬਠਿੰਡਾ, ਸੈਲਫ ਹੈਲਪ ਗਰੁੱਪ ਢਲੇਵਾਂ ਅਤੇ ਐਸ.ਐਸ.ਡੀ. ਗਰਲਜ਼ ਕਾਲਜ ਦੇ ਵਿਦਿਆਰਥੀਆਂ ਵੱਲੋਂ ਹੱਥੀ ਜੂਟ ਥੈਲੇ, ਕਾਗਜ਼ ਦੇ ਬੈਗ, ਕੱਪੜੇ ਦੇ ਥੈਲੇ, ਮਿੱਟੀ ਦੇ ਗਮਲੇ ਅਤੇ ਅਚਾਰ-ਮੁਰੱਬੇ ਤਿਆਰ ਕਰਨ ਵਰਗੀਆਂ ਸਰਗਰਮੀਆਂ ਕਰਵਾਈਆਂ ਗਈਆਂ। ਇਸ ਨਾਲ ਨੌਜਵਾਨਾਂ ਤੇ ਬਜ਼ੁਰਗਾਂ ਨੂੰ ਸਵੈ-ਰੋਜ਼ਗਾਰ ਅਤੇ ਵਾਤਾਵਰਨ ਸੰਭਾਲ ਪ੍ਰਤੀ ਜਾਗਰੂਕ ਕੀਤਾ ਗਿਆ। ਸਮਾਗਮ ਦੌਰਾਨ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਮਿਸ ਅਰਸ਼ਦੀਪ ਕੌਰ ਵੱਲੋਂ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ, ਸੀਨੀਅਰ ਸਿਟੀਜ਼ਨ ਕਾਰਡ ਤੇ ਹੋਰ ਸਮਾਜਿਕ ਸੁਰੱਖਿਆ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਵੱਲੋਂ ਬਜ਼ੁਰਗਾਂ ਨੂੰ ਮੁਫ਼ਤ ਜੂਟ ਅਤੇ ਕੱਪੜੇ ਦੇ ਥੈਲੇ ਤੇ ਅਚਾਰ-ਮੁਰੱਬੇ ਦੇ ਕੇ ਸਤਿਕਾਰ ਸਹਿਤ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਵਿਚ ਸੀਨੀਅਰ ਸਿਟੀਜ਼ਨ ਕੌਂਸਲ ਬਠਿੰਡਾ ਅਤੇ ਸੀਨੀਅਰ ਸਿਟੀਜ਼ਨ ਬ੍ਰਦਰਹੁੱਡ ਸੰਸਥਾ ਦੇ ਮੈਂਬਰਾਂ ਨੇ ਭਾਗ ਲਿਆ ਤੇ ਆਪਣੇ-ਆਪਣੇ ਵਿਚਾਰ ਵੀ ਸਾਂਝੇ ਕੀਤੇ। ਇਸ ਮੌਕੇ ਅਯੂਸ਼ ਅਫਸਰ ਡਾ. ਬਲਦੇਵ ਰਾਜ, ਸ਼੍ਰੀ ਸਨਾਤਨ ਧਰਮ ਕਾਲਜ ਬਠਿੰਡਾ ਦੀ ਪ੍ਰਿੰਸੀਪਲ ਨੀਰੂ ਗਰਗ, ਡਾ. ਸਿਮਰਜੀਤ ਕੌਰ ਅਤੇ ਗੁਰਮਿੰਦਰਜੀਤ ਕੌਰ ਵੱਲੋਂ ਵੀ ਵਿਦਿਆਰਥੀਆਂ ਨੂੰ ਬਜ਼ੁਰਗਾਂ ਦੇ ਸਤਿਕਾਰ ਬਾਰੇ ਪ੍ਰੇਰਿਤ ਕੀਤਾ ਗਿਆ, ਜਦਕਿ ਬਜ਼ੁਰਗਾਂ ਵੱਲੋਂ ਲੋਕ-ਗੀਤ ਪੇਸ਼ ਕਰਕੇ ਸਮਾਗਮ ਨੂੰ ਰੌਣਕਮਈ ਬਣਾਇਆ। ਇਸ ਮੌਕੇ ਸਟੇਟ ਬੈਂਕ ਆਫ ਇੰਡੀਆ ਦੇ ਅਪਰਾ ਮੈਨੇਜਰ ਭੁਪਿੰਦਰ ਸਿੰਘ ਤੇ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ ਦੀ ਸੂਚਿਤ ਕੁਮਾਰੀ ਆਦਿ ਹਾਜ਼ਰ ਸਨ।