ਸਰਪੰਚ ਜਿੰਮੀ ਸਿੱਧੂ ਨੂੰ ਡੂੰਘਾ ਸਦਮਾ, ਪਿਤਾ ਦਾ ਦੇਹਾਂਤ
ਸਰਪੰਚ ਜਿੰਮੀ ਸਿੱਧੂ ਗਾਟਵਾਲੀ ਨੂੰ ਵੱਡਾ ਸਦਮਾ, ਪਿਤਾ ਸੁਖਜੀਤ ਸਿੰਘ ਸਿੱਧੂ ਨੰਬਰਦਾਰ ਦਾ ਦੇਹਾਂਤ
Publish Date: Sat, 21 Mar 2026 04:30 PM (IST)
Updated Date: Sun, 22 Mar 2026 04:05 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਪਿੰਡ ਗਾਟਵਾਲੀ ਦੇ ਮੌਜੂਦਾ ਸਰਪੰਚ ਜਿੰਮੀ ਸਿੱਧੂ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਅਤੇ ਪਿੰਡ ਦੇ ਮਾਣਯੋਗ ਨੰਬਰਦਾਰ ਸੁਖਜੀਤ ਸਿੰਘ ਸਿੱਧੂ (ਉਮਰ 63 ਸਾਲ) ਦਾ ਕੁਝ ਸਮਾਂ ਬਿਮਾਰ ਰਹਿਣ ਮਗਰੋਂ ਬੀਤੇ ਦਿਨ ਅਚਾਨਕ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਗਾਟਵਾਲੀ ਦੇ ਸ਼ਮਸ਼ਾਨਘਾਟ ਵਿਖੇ ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚੀ ਸੰਗਤ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਨਮ ਅੱਖਾਂ ਨਾਲ ਕੀਤਾ ਗਿਆ। ਉਨ੍ਹਾਂ ਦੇ ਦੇਹਾਂਤ ਨਾਲ ਸਮੁੱਚੇ ਪਿੰਡ ਅਤੇ ਆਸ-ਪਾਸ ਦੇ ਇਲਾਕੇ ਵਿੱਚ ਗਹਿਰਾ ਸੋਗ ਪਾਇਆ ਜਾ ਰਿਹਾ ਹੈ। ਇਸ ਉਨ੍ਹਾਂ ਦੇ ਸਪੁੱਤਰ ਜਿੰਮੀ ਸਿੱਧੂ ਅਤੇ ਜਸ਼ਨ ਸਿੱਧੂ ਨਾਲ ਇਲਾਕੇ ਦੀਆਂ ਕਈ ਮੋਹਤਬਰ ਸ਼ਖਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ, ਜਿਨ੍ਹਾਂ ਵਿੱਚ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ, ਸਾਬਕਾ ਵਿਧਾਇਕ ਸ. ਜੀਤ ਮਹਿੰਦਰ ਸਿੰਘ ਸਿੱਧੂ, ਨੌਜਵਾਨ ਕਾਂਗਰਸੀ ਆਗੂ ਗੁਰਬਾਜ ਸਿੰਘ ਸਿੱਧੂ, ਸੁਖਰਾਜ ਸਿੰਘ ਬੱਲ, ਸਾਬਕਾ ਸਰਪੰਚ ਗੁਰਜੀਵਨ ਸਿੰਘ ਸਿੱਧੂ, ਕਾਂਗਰਸ ਆਗੂ ਹਰਪਾਲ ਸਿੰਘ ਗਿੱਲ, ਸਾਬਕਾ ਸਰਪੰਚ ਮਨਦੀਪ ਸਿੰਘ ਮਣਕੂ ਗਿੱਲ, ਸਰਪੰਚ ਰਾਮਪਾਲ ਸਿੰਘ ਮਲਕਾਣਾ ਸਮੇਤ ਹਲਕੇ ਦੀਆਂ ਸਮੂਹ ਪੰਚਾਇਤਾਂ, ਬੀ.ਡੀ.ਪੀ.ਓ. ਦਫ਼ਤਰ ਤਲਵੰਡੀ ਸਾਬੋ ਦਾ ਸਮੂਹ ਸਟਾਫ, ਨੰਬਰਦਾਰ ਯੂਨੀਅਨ ਅਤੇ ਹੋਰ ਰਾਜਨੀਤਕ ਤੇ ਧਾਰਮਿਕ ਸ਼ਖਸੀਅਤਾਂ ਸ਼ਾਮਲ ਹਨ। ਸਵ. ਨੰਬਰਦਾਰ ਸੁਖਜੀਤ ਸਿੰਘ ਸਿੱਧੂ ਦੀ ਅੰਤਿਮ ਅਰਦਾਸ ਅਤੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਮੰਗਲਵਾਰ, 24 ਮਾਰਚ ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਗਾਟਵਾਲੀ ਵਿਖੇ ਪਾਏ ਜਾਣਗੇ।