- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਥੀ, ਘੋੜਿਆਂ ਤੇ ਊਠਾਂ ਨਾਲ ਨਿਕਲੇ ਵਿਰਾਸਤੀ ਜਲੂਸ ਨਾਲ ਵਿਰਾਸਤੀ ਮੇਲੇ ਦੀ ਸ਼ੁਰੂਆਤ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਬਠਿੰਡਾ ਵਿੱਚ ਤਿੰਨ ਦਿਨਾਂ ਤਕ ਚੱਲਣ ਵਾਲੇ ਵਿਰਾਸਤੀ ਮੇਲੇ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਸ਼ਾਨਦਾਰ ਵਿਰਾਸਤੀ ਜਲੂਸ ਨਾਲ ਹੋਈ। ਮੇਲੇ ਦੀ ਸ਼ੁਰੂਆਤ ਤੋਂ ਪਹਿਲਾਂ ਦਾਣਾ ਮੰਡੀ ਤੋਂ ਵਿਰਾਸਤੀ ਜਲੂਸ ਕੱਢਿਆ ਗਿਆ, ਜਿਸਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਮੇਅਰ ਪਦਮਜੀਤ ਮਹਿਤਾ, ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ, ਚੇਅਰਮੈਨ ਨੀਲ ਗਰਗ, ਸੀਨੀਅਰ ਡਿਪਟੀ ਮੇਅਰ ਸ਼ਾਮ ਲਾਲ ਜੈਨ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਅਤੇ ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ। ਡੀਸੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਇਹ ਮੇਲਾ ਪਿੰਡ ਜੈਪਾਲਗੜ੍ਹ ਵਿੱਚ ਲਗਾਇਆ ਜਾ ਗਿਆ ਹੈ, ਜਿਹੜਾ 22 ਮਾਰਚ ਤਕ ਜਾਰੀ ਰਹੇਗਾ। ਇਸ ਤੋਂ ਪਹਿਲਾਂ ਗੁਰਦੁਆਰਾ ਹਾਜੀ ਰਤਨ ਵਿੱਚ ਅਰਦਾਸ ਕੀਤੀ ਗਈ ਅਤੇ ਬਾਅਦ ਵਿਚ ਹਾਜੀ ਰਤਨ ਦਰਗਾਹ ’ਤੇ ਚਾਦਰ ਚੜ੍ਹਾਈ ਗਈ। ਡੀਸੀ ਨੇ ਕਿਹਾ ਕਿ ਨੌਜਵਾਨਾਂ ਨੂੰ ਆਪਣੀ ਵਿਰਾਸਤ ਨਾਲ ਜੋੜਨ ਲਈ ਇਹ ਇਕ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਉਹੀ ਕੌਮਾਂ ਸਦਾ ਕਾਇਮ ਰਹਿੰਦੀਆਂ ਹਨ ਜੋ ਆਪਣੀ ਵਿਰਾਸਤ ਤੇ ਮਾਂ-ਬੋਲੀ ਨੂੰ ਸੰਭਾਲ ਕੇ ਰੱਖਦੀਆਂ ਹਨ।
ਵਿਰਾਸਤੀ ਜਲੂਸ ਵਿੱਚ ਪੰਜਾਬ ਦੇ ਸ਼ਾਨਦਾਰ ਇਤਿਹਾਸ ਨੂੰ ਦਰਸਾਉਂਦੀਆਂ ਝਾਂਕੀਆਂ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੀਆਂ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਟਰੈਕਟਰ-ਟਰਾਲੀਆਂ, ਸਜੇ-ਧਜੇ ਰਥ, ਊਠ, ਪੁਰਾਣੀਆਂ ਜੀਪਾਂ, ਊਠ ਗੱਡੀਆਂ ਅਤੇ ਮੋਟਰਸਾਈਕਲਾਂ ਸ਼ਾਮਲ ਸਨ। ਪੰਜਾਬ ਦੇ ਵਿਰਾਸਤੀ ਪਹਿਰਾਵੇ ਵਿੱਚ ਸਜੇ ਲੋਕਾਂ ਨੇ ਜਲੂਸ ਨੂੰ ਹੋਰ ਵੀ ਰੰਗੀਨ ਬਣਾਇਆ। ਨੌਜਵਾਨਾਂ ਵੱਲੋਂ ਪੇਸ਼ ਕੀਤਾ ਗਿਆ ਭੰਗੜਾ ਅਤੇ ਕੁੜੀਆਂ ਦੇ ਗਿੱਧਾ ਟੀਮਾਂ ਨੇ ਦਰਸ਼ਕਾਂ ਨੂੰ ਖੂਬ ਮੋਹਿਆ। ਇਸ ਦੇ ਨਾਲ ਹੀ ਪੁਰਾਤਨ ਸਮੇਂ ਦੀਆਂ ਰਿਵਾਇਤਾਂ ਅਤੇ ਜੀਵਨ ਸ਼ੈਲੀ ਨਾਲ ਜੁੜੀਆਂ ਪੇਸ਼ਕਾਰੀਆਂ ਵੀ ਦਿਖਾਈਆਂ ਗਈਆਂ। ਇਹ ਵਿਰਾਸਤੀ ਜਲੂਸ ਸਰਕਾਰੀ ਰਾਜਿੰਦਰਾ ਕਾਲਜ, ਬੱਸ ਸਟੈਂਡ, ਮਹਣਾ ਚੌਕ, ਆਰਿਆ ਸਮਾਜ ਚੌਕ, ਮਾਲ ਰੋਡ, ਗੋਲ ਡਿੱਗੀ, ਏਸੀ ਮਾਰਕੀਟ ਅਤੇ ਹਨੂਮਾਨ ਚੌਕ ਤੋਂ ਹੁੰਦਾ ਹੋਇਆ ਵਿਰਾਸਤੀ ਪਿੰਡ ਜੈਪਾਲਗੜ੍ਹ ਵਿੱਚ ਸਮਾਪਤ ਹੋਇਆ। ਜਲੂਸ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲੈਂਦਿਆਂ ਭ੍ਰਿਸ਼ਟਾਚਾਰ ਵਿਰੋਧੀ ਅਤੇ ਪੰਜਾਬੀ ਮਾਂ-ਬੋਲੀ ਨੂੰ ਬਚਾਉਣ ਦੇ ਸੰਦੇਸ਼ ਦਿੱਤੇ। ਸ਼ੁੱਕਰਵਾਰ ਸ਼ਾਮ ਸਮੇਂ ਪੰਜਾਬੀ ਗਾਇਕ ਗੁਰਜੀਤ ਜੀਤੀ ਨੇ ਆਪਣੀ ਗੀਤਾਂ ਨਾਲ ਖੂਬ ਰੰਗ ਬੰਨਿਆ। ਇਸ ਮੌਕੇ ਕਮੇਟੀ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਅਤੇ ਮੇਲਾ ਕਮੇਟੀ ਦੇ ਚੇਅਰਮੈਨ ਚਮਕੌਰ ਮਾਨ ਨੇ ਦੱਸਿਆ ਕਿ 21 ਮਾਰਚ ਨੂੰ ਵਿਰਾਸਤੀ ਮੇਲੇ ਵਿਚ ਪੰਜਾਬ ਦੇ ਪ੍ਰਸਿੱਧ ਗਾਇਕ ਕੰਵਰ ਗਰੇਵਾਲ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ ਜਦੋਂ ਕਿ 22 ਮਾਰਚ ਨੂੰ ਮੇਲੇ ਦੀ ਸਮਾਪਤੀ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਰਣਜੀਤ ਬਾਵਾ ਆਪਣੀ ਹਾਜ਼ਰੀ ਲਵਾਉਣਗੇ।