ਐੱਸਐੱਸਡੀ ਕਾਲਜ ’ਚ ਵਿਦਾਇਗੀ ਸਮਾਗਮ ਮੁਕੰਮਲ
ਐਸਐਸਡੀ ਕਾਲਜ ਵਿਚ ਵਿਦਾਇਗੀ ਸਮਾਰੋਹ ਕਰਵਾਇਆ
Publish Date: Fri, 20 Mar 2026 05:26 PM (IST)
Updated Date: Sat, 21 Mar 2026 04:07 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਐੱਸਐੱਸਡੀ ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼, ਭੋਖੜਾ (ਬਠਿੰਡਾ) ਵਿਚ ਬੀਏ, ਬੀਸੀਏ ਅਤੇ ਬੀਕਾਮ ਭਾਗ ਤੀਜਾ ਦੇ ਵਿਦਿਆਰਥੀਆਂ ਲਈ ਭਾਗ ਦੂਜਾ ਦੇ ਵਿਦਿਆਰਥੀਆਂ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ। ਪ੍ਰੋਗਰਾਮ ਦਾ ਆਗਾਜ਼ ਕਾਲਜ ਵਾਇਸ ਪ੍ਰਿੰਸੀਪਲ ਅੰਸ਼ਦੀਪ ਕੌਰ ਬਰਾੜ ਦੁਆਰਾ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦੇ ਕੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਦਾ ਯੁੱਗ ਮੁਕਾਬਲਿਆਂ ਭਰਿਆ ਹੈ। ਇਸ ਲਈ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਦੀ ਜ਼ਰੂਰਤ ਹੈ ਤਾਂ ਜੋ ਉਹ ਜਿੰਦਗੀ ਵਿਚ ਕਾਮਯਾਬ ਹੋ ਸਕਣ। ਇਸ ਉਪਰੰਤ ਵਿਦਿਆਰਥੀਆਂ ਦੁਆਰਾ ਵੱਖ-ਵੱਖ ਤਰ੍ਹਾਂ ਦੀਆਂ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ। ਜਿਨ੍ਹਾਂ ਵਿਚ ਬੀਏ ਭਾਗ ਦੂਜਾ ਦੀਆਂ ਵਿਦਿਆਰਥਣਾਂ ਵੱਲੋਂ ਗਿੱਧਾ ਪੇਸ਼ ਕੀਤਾ ਗਿਆ ਅਤੇ ਉਪਰੰਤ ਵਿਦਿਆਰਥੀਆਂ ਵੱਲੋਂ ਭੰਗੜਾ ਪੇਸ਼ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਵੀ ਕਰਵਾਏ ਗਏ। ਜਿਨ੍ਹਾਂ ਵਿਚ ਜੱਜਮੈਂਟ ਦੀ ਭੂਮਿਕਾ ਪ੍ਰੋ. ਯਾਦਵਿੰਦਰ ਕੌਰ, ਪ੍ਰੋ. ਜਸਮੀਨ ਕੌਰ ਤੇ ਪ੍ਰੋ ਹਰਵਿੰਦਰ ਕੌਰ ਦੁਆਰਾ ਨਿਭਾਈ ਗਈ। ਇਸ ਦੌਰਾਨ ਵਿਦਿਆਰਥੀਆਂ ਦਾ ਰੈਂਪ ਵਾਕ ਕਰਵਾਇਆ ਗਿਆ। ਬੀਸੀਏ ਭਾਗ ਤੀਜਾ ਦੀ ਪਰਮਿੰਦਰ ਕੌਰ ਨੂੰ ਮਿਸ ਫੇਅਰਵੈੱਲ ਅਤੇ ਬੀਏ ਭਾਗ ਤੀਜਾ ਦੇ ਯੁਵਰਾਜ ਸਿੰਘ ਨੂੰ ਮਿਸਟਰ ਫੇਅਰਵੈੱਲ ਚੁਣਿਆ ਗਿਆ। ਕਾਲਜ ਦੀ ਮੈਨੇਜਮੈਂਟ ਕਮੇਟੀ ਦੁਆਰਾ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨੂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਮੈਡਮ ਕੁਲਵਿੰਦਰ ਕੌਰ, ਕਾਜ਼ਲ ਅਤੇ ਅਨਮੌਲਪ੍ਰੀਤ ਕੌਰ ਦੁਆਰਾ ਨਿਭਾਈ ਗਈ।