ਅਧਿਆਪਕਾਂ ਦੀ ਘਾਟ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਮੰਦਾ ਹਾਲ
ਪਿੰਡ ਕੋਟਗੁਰੂ ਦੇ ਪ੍ਰਾਇਮਰੀ ਸਕੂਲ ’ਚ ਅਧਿਆਪਕਾਂ ਦੀ ਘਾਟ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਮੰਦੜਾ ਹਾਲ
Publish Date: Fri, 20 Mar 2026 05:24 PM (IST)
Updated Date: Sat, 21 Mar 2026 04:07 AM (IST)
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ
ਪੰਜਾਬ ’ਚ ਸਿੱਖਿਆ ਕ੍ਰਾਂਤੀ ਲਿਆਉਣ ਦਾ ਢਿੰਡੋਰਾ ਪਿੱਟ ਰਹੀ ‘ਆਪ’ ਦੀ ਸਰਕਾਰ ਦਾ ਹੇਠਲੇ ਪੱਧਰ ’ਤੇ ਸਕੂਲਾਂ ’ਚ ਇੰਨਾ ਮਾੜਾ ਹਾਲ ਹੈ ਕਿ ਬੱਚਿਆਂ ਨੂੰ ਪੜ੍ਹਾਉਣ ਲਈ ਅਧਿਆਪਕ ਵੀ ਪੂਰੇ ਨਹੀਂ ਹਨ। ਜੇਕਰ ਗੱਲ ਪਿੰਡ ਕੋਟਗੁਰੂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਕੀਤੀ ਜਾਵੇ ਤਾਂ ਇਹ ਸਕੂਲ ‘ਆਪ’ ਵੱਲੋਂ ਲਗਾਏ ਗਏ ਹਲਕਾ ਬਠਿੰਡਾ ਦਿਹਾਤੀ ਦੇ ਸਿੱਖਿਆ ਕੋਆਰਡੀਨੇਟਰ ਦਾ ਪਿੰਡ ਹੈ। ਜਿਥੇ ਪਿਛਲੇ 6 ਮਹੀਨਿਆਂ ਤੋਂ ਮੁੱਖਅਧਿਆਪਕ ਵੀ ਨਹੀਂ ਲਗਾਇਆ ਗਿਆ ਹੈ। ਜੇਕਰ ਬਾਕੀ ਅਮਲੇ ਦੀ ਗੱਲ ਕਰੀਏ ਤਾਂ ਇਸ ਸਕੂਲ ’ਚ ਬੱਚਿਆਂ ਨੂੰ ਪੜ੍ਹਾਉਣ ਲਈ ਅਧਿਆਪਕਾਂ ਦੀ ਵੱਡੀ ਘਾਟ ਹੈ। ਪਿੰਡ ਦੇ ਸਮਾਜ ਸੇਵੀ ਤੇ ਸਾਬਕਾ ਪੰਚ ਅੰਗਰੇਜ਼ ਸਿੰਘ ਵਿੱਕੀ, ਬਲਕਰਨ ਸਿੰਘ, ਨਿਰਮਲ ਸਿੰਘ, ਗੁਰਪ੍ਰੀਤ ਸਿੰਘ, ਕਿਸਾਨ ਆਗੂ, ਰਾਮਫਲ ਸਿੰਘ, ਜਸਮੇਲ ਸਿੰਘ ਨੇ ਦੱਸਿਆ ਕਿ ਸਕੂਲ ਦੇ ਕੁੱਲ 208 ਬੱਚਿਆਂ ਨੂੰ ਪੜ੍ਹਾਉਣ ਲਈ ਸਿਰਫ 4 ਈਟੀਟੀ ਅਧਿਆਪਕ ਹੀ ਲਗਾਏ ਹੋਏ ਹਨ। ਸਕੂਲ ’ਚ ਪਿਛਲੇ ਸਾਲ ਤੋਂ ਐਚਟੀਵੀ ਨਹੀਂ ਲਗਾਇਆ ਗਿਆ ਜਦੋਂਕਿ 1 ਈਟੀਟੀ ਅਤੇ 2 ਪ੍ਰੀ ਪ੍ਰਾਇਮਰੀ ਦੀਆਂ ਪੋਸਟਾਂ ਲੰਮੇ ਸਮੇਂ ਤੋਂ ਖਾਲੀ ਹਨ। ਸਿੱਖਿਆ ਵਿਭਾਗ ਅਤੇ ਲਗਾਏ ਹੋਏ ਕੋਆਰਡੀਨੇਟਰ ਨੂੰ ਵਾਰ ਵਾਰ ਕਹਿਣ ’ਤੇ ਵੀ ਅਜੇ ਤਕ ਸਕੂਲ ਨੂੰ ਕੋਈ ਅਧਿਆਪਕ ਨਹੀਂ ਮਿਲਿਆ। ਜਿਸ ਕਰਕੇ ਸਰਕਾਰੀ ਪ੍ਰਾਇਮਰੀ ਸਕੂਲ ਅੰਦਰ ਬੱਚਿਆਂ ਦੀ ਪੜ੍ਹਾਈ ਦਾ ਮੰਦੜਾ ਹਾਲ ਹੈ। ਉਨ੍ਹਾਂ ਸਰਕਾਰ ਦੀ ਸਿੱਖਿਆ ਕ੍ਰਾਂਤੀ ਮੁਹਿੰਮ ਦਾ ਭਾਂਡਾ ਭੰਨਣ ਲਈ ਚਿਤਾਵਨੀ ਦਿੱਤੀ ਹੈ ਕਿ ਜੇਕਰ ਨਵੇਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਅਧਿਆਪਕ ਪੂਰੇ ਨਾ ਕੀਤੇ ਗਏ ਤਾਂ ਉਹ ਸਕੂਲ ਨੂੰ ਜਿੰਦਰਾ ਲਾਉਣ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਸਬੰਧਤ ਸਕੂਲ ਵਿਭਾਗ ਦੀ ਹੋਵੇਗੀ।