ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਿੰਦਣਯੋਗ : ਗਿਆਨੀ ਟੇਕ ਸਿੰਘ
ਏਆਈ ਦੀ ਵਰਤੋਂ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਿੰਦਣਯੋਗ : ਗਿਆਨੀ ਟੇਕ ਸਿੰਘ
Publish Date: Fri, 20 Mar 2026 04:56 PM (IST)
Updated Date: Sat, 21 Mar 2026 04:05 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਨੇ ਅਜੋਕੇ ਸਮੇਂ ਅੰਦਰ ਆਰਟੀਫੀਸ਼ੀਅਲ ਤਕਨਾਲੋਜੀ ਰਾਹੀਂ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ‘ਤੇ ਸਖਤ ਪ੍ਰਤੀਕਰਮ ਦਿੱਤਾ ਹੈ। ਗਿਆਨੀ ਟੇਕ ਸਿੰਘ ਨੇ ਇਸ ਮਸਲੇ ’ਤੇ ਪ੍ਰਤੀਕਿਰਿਆ ਦਿੰਦਿਆਂ ਕੌਮ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਵੀ ਏਆਈ ਨਾਲ ਬਣੀ ਕੋਈ ਇਤਰਾਜ਼ਯੋਗ ਵੀਡੀਓ, ਫੋਟੋ ਆਦਿ ਸਾਹਮਣੇ ਆਵੇ ਤਾਂ ਉਸ ਨੂੰ ਅੱਗੇ ਸਾਂਝੀ ਕਰਨ ਦੀ ਬਜਾਏ ਸਬੰਧਤ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਤੁਰੰਤ ਹੀ ਇਤਰਾਜ਼ਯੋਗ ਸਮੱਗਰੀ ਵਜੋਂ ਰਿਪੋਰਟ ਕਰਨਾ ਚਾਹੀਦਾ ਹੈ। ਸਿੰਘ ਸਾਹਿਬ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਅੱਜ ਹਾਲਾਤ ਇਹ ਬਣੇ ਹੋਏ ਹਨ ਕਿ ਜਦੋਂ ਵੀ ਕੋਈ ਏਆਈ ਨਾਲ ਬਣੀ ਇਤਰਾਜ਼ਯੋਗ ਵੀਡੀਓ, ਫੋਟੋ ਆਦਿ ਸਾਹਮਣੇ ਆਉਂਦੀ ਹੈ ਤਾਂ ਕੁਝ ਵਿਅਕਤੀ ਉਸ ਸਮੱਗਰੀ ਨੂੰ ਆਪਣੇ ਸੋਸ਼ਲ ਮੀਡੀਆ ਮੰਚਾਂ ਉੱਤੇ ਅਪਲੋਡ ਜਾਂ ਸਾਂਝਾ ਕਰ ਦਿੰਦੇ ਹਨ। ਜਿਹੜਾ ਕਿ ਗਲਤ ਹੈ ਤੇ ਅਜਿਹਾ ਕਰਨ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦਾ ਹੈ। ਇਸ ਦੀ ਬਜਾਏ ਵੀਡੀਓ, ਫੋਟੋ ਨੂੰ ਤੁਰੰਤ ਰਿਪੋਰਟ ਕੀਤਾ ਜਾਵੇ ਅਤੇ ਉਸ ਨੂੰ ਕਿਤੇ ਵੀ ਸਾਂਝਾ ਨਾ ਕੀਤਾ ਜਾਵੇ ਤਾਂ ਜੋ ਉਹ ਸਮੱਗਰੀ ਖਤਮ ਹੋ ਸਕੇ। ਇਸ ਮੌਕੇ ਗਿਆਨੀ ਟੇਕ ਸਿੰਘ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਸਖਤੀ ਵਰਤਦਿਆਂ ਕਾਰਵਾਈ ਨੂੰ ਤੁਰੰਤ ਅਮਲ ਵਿਚ ਲਿਆਂਦਾ ਜਾਵੇ।