ਐਕਸਪਾਇਰੀ ਬੀਅਰ ਵੇਚਣ ਦੀ ਵੀਡੀਓ ਵਾਇਰਲ, ਮਚਿਆ ਹੜਕੰਪ
ਬਠਿੰਡਾ ’ਚ ਠੇਕਿਆਂ ‘ਤੇ ਮਿਆਦ ਲੰਘੀ ਬੀਅਰ ਵੇਚਣ ਦੇ ਦੋਸ਼, ਵੀਡੀਓ ਵਾਇਰਲ ਹੋਣ ਨਾਲ ਮਚਿਆ ਹੜਕੰਪ
Publish Date: Fri, 20 Mar 2026 04:36 PM (IST)
Updated Date: Sat, 21 Mar 2026 04:04 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ਵਿਚ ਸ਼ਰਾਬ ਦੇ ਠੇਕਿਆਂ ‘ਤੇ ਮਿਆਦ ਲੰਘੀ ਬੀਅਰ ਵੇਚਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਪੁੱਡਾ ਮਾਰਕੀਟ ਤੇ ਮਾਡਲ ਟਾਊਨ ਫੇਜ਼-2 ਦੇ ਕੁਝ ਠੇਕਿਆਂ ‘ਤੇ ਗਾਹਕਾਂ ਨੂੰ ਕਥਿਤ ਤੌਰ ‘ਤੇ 10 ਮਾਰਚ ਦੀ ਐਕਸਪਾਇਰੀ ਵਾਲੀ ਬੀਅਰ ਵੇਚੀ ਜਾ ਰਹੀ ਸੀ। ਇਸ ਸਬੰਧੀ ਇੱਕ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਨਾਲ ਮਾਮਲੇ ਦੀ ਗੰਭੀਰਤਾ ਹੋਰ ਵੱਧ ਗਈ ਹੈ। ਜਾਣਕਾਰੀ ਮੁਤਾਬਕ ਜਦੋਂ ਮੀਡੀਆ ਟੀਮ ਮੌਕੇ ‘ਤੇ ਪਹੁੰਚੀ ਤਾਂ ਠੇਕੇ ਦੇ ਕਰਮਚਾਰੀਆਂ ਨੇ ਫ੍ਰੀਜ਼ਰ ਵਿੱਚ ਰੱਖੀ ਐਕਸਪਾਇਰੀ ਬੀਅਰ ਨੂੰ ਤੁਰੰਤ ਕੱਢ ਕੇ ਛੁਪਾਉਣ ਦੀ ਕੋਸ਼ਿਸ਼ ਕੀਤੀ। ਇਹ ਸਾਰੀ ਘਟਨਾ ਕੈਮਰੇ ’ਚ ਕੈਦ ਹੋ ਗਈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਠੇਕੇਦਾਰ ਮੋਟੇ ਮੁਨਾਫੇ ਲਈ ਲੋਕਾਂ ਦੀ ਸਿਹਤ ਨਾਲ ਖੇਡ ਰਹੇ ਹਨ ਅਤੇ ਬਿਨਾਂ ਜਾਂਚ ਕੀਤੇ ਐਕਸਪਾਇਰੀ ਬੀਅਰ ਵੇਚ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਠੇਕੇ ਗੰਗਾਨਗਰ ਗਰੁੱਪ ਨਾਲ ਸਬੰਧਤ ਹਨ। ਗਾਹਕਾਂ ਦਾ ਕਹਿਣਾ ਹੈ ਕਿ ਐਕਸਪਾਇਰੀ ਪ੍ਰੋਡਕਟ ਦਾ ਸੇਵਨ ਸਿਹਤ ਲਈ ਖਤਰਨਾਕ ਹੋ ਸਕਦਾ ਹੈ, ਇਸ ਲਈ ਇਹ ਲਾਪਰਵਾਹੀ ਬਹੁਤ ਗੰਭੀਰ ਮਾਮਲਾ ਹੈ। ਇਸ ਮਾਮਲੇ ‘ਚ ਆਬਕਾਰੀ ਵਿਭਾਗ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜੇ ਹੋ ਰਹੇ ਹਨ। ਦੋਸ਼ ਲੱਗ ਰਹੇ ਹਨ ਕਿ ਵਿਭਾਗ ਨੂੰ ਜਾਣਕਾਰੀ ਮਿਲਣ ਦੇ ਬਾਵਜੂਦ ਕੇਵਲ ਰਸਮੀ ਕਾਰਵਾਈ ਕੀਤੀ ਗਈ। ਕਿਹਾ ਜਾ ਰਿਹਾ ਹੈ ਕਿ ਅਧਿਕਾਰੀਆਂ ਨੇ ਖੁਦ ਮੌਕੇ ‘ਤੇ ਜਾਣ ਦੀ ਬਜਾਏ ਠੇਕੇ ਦੇ ਮੁਲਾਜ਼ਮਾਂ ਨੂੰ ਹੀ ਐਕਸਪਾਇਰੀ ਬੀਅਰ ਹਟਾਉਣ ਦੇ ਨਿਰਦੇਸ਼ ਦੇ ਦਿੱਤੇ। ਆਬਕਾਰੀ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਜਾਣਕਾਰੀ ਮਿਲਦੇ ਹੀ ਸਬੰਧਤ ਠੇਕੇ ਤੋਂ ਐਕਸਪਾਇਰੀ ਬੀਅਰ ਹਟਵਾ ਦਿੱਤੀ ਗਈ ਸੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਸ਼ਹਿਰ ਵਿਚ ਐਕਸਪਾਇਰੀ ਬੀਅਰ ਮਿਲਣ ਦੇ ਮਾਮਲੇ ‘ਚ ਜੁਰਮਾਨਾ ਲਗਾਇਆ ਗਿਆ ਸੀ, ਪਰ ਇਸ ਵਾਰ ਢਿੱਲੀ ਕਾਰਵਾਈ ਕਾਰਨ ਲੋਕਾਂ ‘ਚ ਨਾਰਾਜ਼ਗੀ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।