ਜ਼ਿਲ੍ਹੇ ਅੰਦਰ ਪਿਆ 6 ਐੱਮਐੱਮ ਮੀਂਹ, ਕਣਕ ਲਈ ਵਰਦਾਨ ਸਾਬਤ ਹੋਵੇਗਾ ਮੀਂਹ
ਜ਼ਿਲ੍ਹੇ ਅੰਦਰ ਪਿਆ 6 ਮਿਲੀਮੀਟਰ ਮੀਂਹ, ਕਣਕ ਲਈ ਵਰਦਾਨ ਸਾਬਤ ਹੋਵੇਗਾ ਮੀਂਹ, ਖਰਾਬ ਮੌਸਮ ਕਾਰਨ ਕਿਸਾਨਾਂ ਦੀ ਚਿੰਤਾ ਬਰਕਰਾਰ
Publish Date: Thu, 19 Mar 2026 06:03 PM (IST)
Updated Date: Thu, 19 Mar 2026 06:07 PM (IST)

- ਖਰਾਬ ਮੌਸਮ ਕਾਰਨ ਕਿਸਾਨਾਂ ਦੀ ਚਿੰਤਾ ਬਰਕਰਾਰ - 20 ਤੇ 21 ਮਾਰਚ ਨੂੰ ਤੇਜ਼ ਤੂਫਾਨ ਤੇ ਗੜੇਮਾਰੀ ਦੀ ਭਵਿੱਖਬਾਣੀ, ਜੇਕਰ ਤੇਜ਼ ਹਵਾ ਨਾ ਚੱਲੀ ਤਾਂ ਫਸਲ ਦਾ ਹੋਵੇਗਾ ਫਾਇਦਾ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਜ਼ਿਲ੍ਹੇ ਵਿੱਚ ਵੀਰਵਾਰ ਨੂੰ ਪਿਆ 6 ਮਿਲੀਮੀਟਰ ਮੀਂਹ ਕਣਕ ਦੀ ਫਸਲ ਲਈ ਵਰਦਾਨ ਸਾਬਤ ਹੋ ਸਕਦਾ ਹੈ। ਮੀਂਹ ਨਾਲ ਜਿੱਥੇ ਮੌਸਮ ਖੁਸ਼ਗਵਾਰ ਹੋ ਗਿਆ ਹੈ, ਉੱਥੇ ਹੀ ਕਿਸਾਨਾਂ ਨੂੰ ਵੀ ਕੁਝ ਹੱਦ ਤਕ ਰਾਹਤ ਮਿਲੀ ਹੈ। ਪਿਛਲੇ ਹਫ਼ਤਿਆਂ ਦੌਰਾਨ ਤਾਪਮਾਨ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਸੀ, ਜਿਸ ਕਾਰਨ ਗਰਮੀ ਦਾ ਅਸਰ ਕਣਕ ਦੀ ਫਸਲ ‘ਤੇ ਪੈਣ ਲੱਗ ਪਿਆ ਸੀ। ਵੱਧ ਰਹੀ ਗਰਮੀ ਕਰਕੇ ਫਸਲ ਦੇ ਝਾੜ ‘ਤੇ ਮਾੜਾ ਪ੍ਰਭਾਵ ਪੈ ਰਿਹਾ ਸੀ ਅਤੇ ਕਿਸਾਨ ਚਿੰਤਾ ਵਿੱਚ ਸਨ ਕਿ ਜੇਕਰ ਇਹ ਹਾਲਤ ਇਹੀ ਰਹੇ ਤਾਂ ਕਣਕ ਦੀ ਪੈਦਾਵਾਰ ‘ਤੇ ਵੀ ਅਸਰ ਪੈ ਸਕਦਾ ਹੈ। ਪਰ ਹੁਣ ਹਲਕੇ ਮੀਂਹ ਤੋਂ ਬਾਅਦ ਤਾਪਮਾਨ ਵਿੱਚ ਆਈ ਕਮੀ ਕਣਕ ਦੀ ਫਸਲ ਲਈ ਲਾਭਦਾਇਕ ਸਾਬਤ ਹੋ ਰਹੀ ਹੈ। ਮੀਂਹ ਤੋਂ ਬਾਅਦ ਤਾਪਮਾਨ ਵਿਚ 4.5 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਹੈ। ਖੇਤੀਬਾੜੀ ਮਾਹਿਰਾਂ ਦੇ ਮੁਤਾਬਕ ਇਸ ਸਮੇਂ ਕਣਕ ਦੀ ਫਸਲ ਦਾਣਾ ਬਣਨ ਦੇ ਪੜਾਅ ਵਿੱਚ ਹੈ ਅਤੇ ਇਸ ਵੇਲੇ ਹਲਕੀ ਠੰਢਕ ਅਤੇ ਨਮੀ ਵਾਲਾ ਮੌਸਮ ਦਾਣੇ ਦੀ ਵਧੀਆ ਵਿਕਾਸ ਲਈ ਬਹੁਤ ਜ਼ਰੂਰੀ ਹੁੰਦਾ ਹੈ। ਮੀਂਹ ਨਾਲ ਜ਼ਮੀਨ ਵਿੱਚ ਨਮੀ ਵਧੀ ਹੈ, ਜਿਸ ਨਾਲ ਫਸਲ ਨੂੰ ਪਾਣੀ ਦੀ ਲੋੜ ਵੀ ਕੁਝ ਹੱਦ ਤੱਕ ਪੂਰੀ ਹੋ ਗਈ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਜੇਕਰ ਤੇਜ ਝੱਖੜ, ਗੜੇਮਾਰੀ ਤੇ ਜਿਆਦਾ ਮੀਂਹ ਨਾਂ ਪਿਆ ਤਾਂ ਕਣਕ ਦੀ ਫਸਲ ਦਾ ਝਾੜ ਵਧੀਆ ਰਹਿ ਸਕਦਾ ਹੈ। ਦੂਜੇ ਪਾਸੇ ਮੌਸਮ ਦੇ ਬਦਲਦੇ ਰੁਝਾਨਾਂ ਨੇ ਕਿਸਾਨਾਂ ਦੀ ਚਿੰਤਾ ਵੀ ਵਧਾ ਦਿੱਤੀ ਹੈ। ਮੌਸਮ ਵਿਭਾਗ ਵੱਲੋਂ 20 ਅਤੇ 21 ਮਾਰਚ ਨੂੰ ਤੇਜ਼ ਹਵਾਵਾਂ, ਤੂਫ਼ਾਨ ਅਤੇ ਗੜੇਮਾਰੀ ਦੀ ਸੰਭਾਵਨਾ ਜਤਾਈ ਗਈ ਹੈ। ਇਸ ਚੇਤਾਵਨੀ ਨੇ ਕਿਸਾਨਾਂ ਨੂੰ ਫਿਕਰ ਵਿੱਚ ਪਾ ਦਿੱਤਾ ਹੈ, ਕਿਉਂਕਿ ਇਸ ਸਮੇਂ ਕਣਕ ਦੀ ਫਸਲ ਪੱਕਣ ਦੇ ਨੇੜੇ ਹੈ। ਜੇਕਰ ਇਸ ਦੌਰਾਨ ਤੇਜ਼ ਹਵਾਵਾਂ ਜਾਂ ਗੜੇਮਾਰੀ ਹੋਈ ਤਾਂ ਖੜੀ ਫਸਲ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇ ਮੌਸਮ ਸਧਾਰਣ ਰਹੇ ਅਤੇ ਕੋਈ ਤੂਫ਼ਾਨ ਜਾਂ ਗੜੇਮਾਰੀ ਨਾ ਹੋਵੇ ਤਾਂ ਇਸ ਹਲਕੇ ਮੀਂਹ ਨਾਲ ਉਨ੍ਹਾਂ ਦੀ ਫਸਲ ਨੂੰ ਕਾਫੀ ਫਾਇਦਾ ਹੋਵੇਗਾ। ਕਈ ਕਿਸਾਨਾਂ ਨੇ ਦੱਸਿਆ ਕਿ ਮੀਂਹ ਨਾਲ ਗਰਮੀ ਵਿੱਚ ਆਈ ਕਮੀ ਨੇ ਫਸਲ ਨੂੰ ਨਵੀਂ ਤਾਜਗੀ ਦਿੱਤੀ ਹੈ ਅਤੇ ਹੁਣ ਉਹ ਵਧੀਆ ਉਪਜ ਦੀ ਉਮੀਦ ਕਰ ਰਹੇ ਹਨ। ਏਡੀਓ ਡਾ. ਬਲਜਿੰਦਰ ਸਿੰਘ ਨੇ ਵੀ ਮੌਜੂਦਾ ਮੌਸਮੀ ਹਾਲਾਤਾਂ ਬਾਰੇ ਆਪਣੀ ਰਾਏ ਦਿੰਦੇ ਹੋਏ ਕਿਹਾ ਕਿ ਜੇਕਰ ਅਗਲੇ ਕੁਝ ਦਿਨਾਂ ਵਿੱਚ ਜ਼ਿਆਦਾ ਮੀਂਹ ਜਾਂ ਤੇਜ਼ ਹਨ੍ਹੇਰੀ ਨਹੀਂ ਚੱਲਦੀ ਤਾਂ ਇਹ ਹਲਕਾ ਮੀਂਹ ਕਣਕ ਦੀ ਫਸਲ ਲਈ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਠੰਢੇ ਮੌਸਮ ਨਾਲ ਕਣਕ ਦਾ ਦਾਣਾ ਤੇਜ਼ੀ ਨਾਲ ਵਿਕਸਿਤ ਹੁੰਦਾ ਹੈ ਅਤੇ ਇਹ ਮੋਟਾ ਅਤੇ ਭਰਪੂਰ ਬਣਦਾ ਹੈ, ਜਿਸ ਨਾਲ ਪੈਦਾਵਾਰ ਵਿੱਚ ਵਾਧਾ ਹੋਣ ਦੀ ਸੰਭਾਵਨਾ ਰਹਿੰਦੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੌਸਮ ਦੀ ਭਵਿੱਖਬਾਣੀ ‘ਤੇ ਨਜ਼ਰ ਰੱਖਣ ਅਤੇ ਸੰਭਾਵਿਤ ਤੂਫ਼ਾਨ ਜਾਂ ਗੜੇਮਾਰੀ ਤੋਂ ਬਚਾਅ ਲਈ ਜ਼ਰੂਰੀ ਕਦਮ ਚੁੱਕਣ। ਖੇਤੀ ਮਾਹਿਰਾਂ ਦੇ ਅਨੁਸਾਰ ਜੇਕਰ ਮੌਸਮ ਠੀਕ ਰਿਹਾ ਤਾਂ ਇਸ ਸਾਲ ਕਣਕ ਦੀ ਫਸਲ ਵਧੀਆ ਰਹਿਣ ਦੀ ਪੂਰੀ ਸੰਭਾਵਨਾ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਅਜੇ ਦੋ ਦਿਨ ਕਣਕ ਦੀ ਫਸਲ ਨੂੰ ਪਾਣੀ ਨਾਂ ਦੇਣ। ਮੌਸਮ ਵਿਭਾਗ ਨੇ ਅਗਲੇ ਦੋ ਦਿਨ ਲਈ ਮੌਸਮ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ : 21 ਮਾਰਚ ਨੂੰ ਗਰਜ, ਚਮਕ, ਝੱਖੜ ਅਤੇ ਤੇਜ ਹਵਾ ਸਮੇਤ 2 ਮਿਲੀਮੀਟਰ ਮੀਂਹ ਪੈ ਸਕਦਾ ਹੈ। ਇਸ ਤਰ੍ਹਾਂ ਹੀ ਮੌਸਮ ਵਿਭਾਗ ਨੇ 22 ਮਾਰਚ ਲਈ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਇਸ ਦਨ ਗਰਜ, ਚਮਕ ਨਾਲ ਝੱਖੜ ਅਤੇ ਗੜੇ ਪੈ ਸਕਦੇ ਹਨ। ਵਿਭਾਗ ਦੀ ਰਿਪੋਰਟ ਅਨੁਸਾਰ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 15 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਵਿਭਾਗ ਅਨੁਸਾਰ ਵੀਰਵਾਰ ਨੂੰ ਜ਼ਿਲ੍ਹੇ ਅੰਦਰ 6 ਮਿਲੀਮੀਟਰ ਮੀਂਹ ਪਿਆ ਹੈ, ਜਿਸ ਨਾਲ ਤਾਪਮਾਨ ਵਿਚ 4.5 ਡਿਗਰੀ ਸੈਲਸੀਅਸ ਦੀ ਕਮੀ ਆਈ ਹੈ। ਅਗਲੇ ਦੋ ਦਿਨ ਹੋਰ ਮੀਂਹ ਪੈ ਸਕਦਾ ਹੈ।