ਕਮੀ ਦੇ ਮੱਦੇਨਜ਼ਰ ਐਲਪੀਜੀ ਦਾ ਬਦਲ ਬਣ ਸਕਦੀ ਹੈ ਪਾਈਪਡ ਨੈਚਰਲ ਗੈਸ

- ਬਠਿੰਡਾ ’ਚ ਪੀਐੱਨਜੀ ਪ੍ਰਾਜੈਕਟ ਦੀ ਰਫ਼ਤਾਰ ਸੁਸਤ, ਪਾਈਪਲਾਈਨ ਦੇ ਬਾਵਜੂਦ ਕੁਨੈਕਸ਼ਨ ਲੈਣ ਤੋਂ ਕੰਨੀ ਕਤਰਾ ਰਹੇ ਨੇ ਲੋਕ
- ਸ਼ਹਿਰ ਵਿਚ ਚੱਲ ਰਹੇ ਨੇ 12,500 ਪੀਐੱਨਜੀ ਕੁਨੈਕਸ਼ਨ, ਪਾਈਪਲਾਈਨ ਰਾਹੀਂ ਗੈਸ ਦੀ ਹੁੰਦੀ ਹੈ ਸਪਲਾਈ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਦੇਸ਼ ਵਿਚ ਐੱਲਪੀਜੀ ਦੀ ਘਾਟ ਨੂੰ ਦੇਖਦੇ ਹੋਏ ਪਾਈਪਡ ਨੈਚਰਲ ਗੈਸ (ਪੀਐੱਨਜੀ) ਇਸ ਦਾ ਬਦਲ ਬਣ ਸਕਦੀ ਹੈ। ਕੇਂਦਰ ਸਰਕਾਰ ਵੱਲੋਂ ਪਾਈਪਡ ਨੇਚਰਲ ਗੈਸ (ਪੀਐੱਨਜੀ) ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਪਰ ਬਠਿੰਡਾ ਵਿਚ ਇਹ ਯੋਜਨਾ ਉਮੀਦਾਂ ਮੁਤਾਬਿਕ ਰਫ਼ਤਾਰ ਨਹੀਂ ਫੜ ਰਹੀ। ਜੇਕਰ ਲੋਕ ਇਸ ਗੈਸ ਦਾ ਕੁਨੈਕਸ਼ਨ ਲੈਣ ਵਿਚ ਦਿਲਚਸਪੀ ਵਿਖਾਉਣ ਤਾਂ ਘਰੇਲੂ ਗੈਸ ਦੀ ਕਮੀ ਦਾ ਕਾਫੀ ਹੱਦ ਤਕ ਹੱਲ ਹੋ ਸਕਦਾ ਹੈ। ਪਿਛਲੇ ਸੱਤ ਸਾਲਾਂ ਤੋਂ ਸ਼ਹਿਰ ਵਿੱਚ ਗੈਸ ਪਾਈਪਲਾਈਨ ਵਿਛਾਉਣ ਦਾ ਕੰਮ ਚੱਲ ਰਿਹਾ ਹੈ, ਪਰ ਹੁਣ ਤਕ ਕੇਵਲ ਕਰੀਬ 50 ਫ਼ੀਸਦੀ ਕੰਮ ਹੀ ਮੁਕੰਮਲ ਹੋ ਸਕਿਆ ਹੈ। ਜਿਨ੍ਹਾਂ ਇਲਾਕਿਆਂ ਵਿੱਚ ਪਾਈਪਲਾਈਨ ਵਿਛਾਈ ਜਾ ਚੁੱਕੀ ਹੈ, ਉੱਥੇ ਗੈਸ ਸਪਲਾਈ ਵੀ ਸ਼ੁਰੂ ਹੋ ਚੁੱਕੀ ਹੈ, ਫਿਰ ਵੀ ਉਪਭੋਗਤਾਵਾਂ ਦੀ ਗਿਣਤੀ ਉਮੀਦਾਂ ਅਨੁਸਾਰ ਨਹੀਂ ਵੱਧ ਰਹੀ। ਲੋਕ ਇਸ ਗੈਸ ਦਾ ਕੁਨੈਕਸ਼ਨ ਲੈਣ ਤੋਂ ਕੰਨੀ ਕਰਤਾ ਰਹੇ ਹਨ। ਬਠਿੰਡਾ ਸ਼ਹਿਰ ਅਤੇ ਕੈਂਟ ਖੇਤਰ ਵਿੱਚ ਇਸ ਵੇਲੇ ਲਗਭਗ 12,500 ਪੀਐੱਨਜੀ ਕੁਨੈਕਸ਼ਨ ਚੱਲ ਰਹੇ ਹਨ।
ਇਨ੍ਹਾਂ ਵਿੱਚੋਂ ਕਰੀਬ 7 ਹਜ਼ਾਰ ਕੁਨੈਕਸ਼ਨ ਸ਼ਹਿਰ ਵਿੱਚ ਅਤੇ 5,500 ਕੁਨੈਕਸ਼ਨ ਕੈਂਟ ਖੇਤਰ ਵਿੱਚ ਹਨ। ਹਾਲਾਂਕਿ ਪਾਈਪਲਾਈਨ ਦਾ ਜਾਲ ਸ਼ਹਿਰ ਦੇ ਵੱਡੇ ਹਿੱਸੇ ਤਕ ਪਹੁੰਚ ਚੁੱਕਾ ਹੈ, ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕ ਕੁਨੈਕਸ਼ਨ ਲੈਣ ਤੋਂ ਹਿਚਕਿਚਾ ਰਹੇ ਹਨ। ਗੁਜਰਾਤ ਸਟੇਟ ਪੈਟਰੋਨੈਟ ਲਿਮਟਿਡ (ਜੀਐੱਸਪੀਐੱਲ) ਵੱਲੋਂ ਇਸ ਪ੍ਰਾਜੈਕਟ ਨੂੰ ਲਾਗੂ ਕੀਤਾ ਜਾ ਰਿਹਾ ਹੈ। ਕੰਪਨੀ ਦੇ ਅਧਿਕਾਰੀ ਲਗਾਤਾਰ ਲੋਕਾਂ ਨੂੰ ਪੀਐੱਨਜੀ ਦੇ ਫਾਇਦਿਆਂ ਜਿਵੇਂ ਸਸਤੀ ਗੈਸ, ਲਗਾਤਾਰ ਸਪਲਾਈ ਅਤੇ ਸਿਲੰਡਰ ਤੋਂ ਛੁਟਕਾਰਾ ਬਾਰੇ ਜਾਗਰੂਕ ਕਰ ਰਹੇ ਹਨ, ਪਰ ਇਸ ਦੇ ਬਾਵਜੂਦ ਉਪਭੋਗਤਾਵਾਂ ਦਾ ਰੁਝਾਨ ਘੱਟ ਹੀ ਬਣਿਆ ਹੋਇਆ ਹੈ। ਕੰਪਨੀ ਅਧਿਕਾਰੀਆਂ ਮੁਤਾਬਿਕ ਪੀਐੱਨਜੀ ਪੂਰੀ ਤਰ੍ਹਾਂ ਸੁਰੱਖਿਅਤ ਪ੍ਰਣਾਲੀ ਹੈ ਅਤੇ ਇਸ ਨੂੰ ਅੰਤਰਰਾਸ਼ਟਰੀ ਮਿਆਰਾਂ ਦੇ ਅਧੀਨ ਲਾਇਆ ਜਾਂਦਾ ਹੈ। ਕਿਸੇ ਵੀ ਲੀਕੇਜ ਦੀ ਸਥਿਤੀ ਵਿੱਚ ਤੁਰੰਤ ਅਲਰਟ ਸਿਸਟਮ ਚਾਲੂ ਹੋ ਜਾਂਦਾ ਹੈ ਅਤੇ ਟੀਮ ਮੌਕੇ ’ਤੇ ਪਹੁੰਚ ਕੇ ਸਮੱਸਿਆ ਦਾ ਹੱਲ ਕਰਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਲੋਕਾਂ ਵਿੱਚ ਸੁਰੱਖਿਆ ਨੂੰ ਲੈ ਕੇ ਭਰੋਸਾ ਵਧਾਇਆ ਜਾਵੇ ਅਤੇ ਹੋਰ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣ, ਤਾਂ ਬਠਿੰਡਾ ਵਿੱਚ ਪੀਐੱਨਜੀ ਕੁਨੈਕਸ਼ਨਾਂ ਦੀ ਗਿਣਤੀ ਤੇਜ਼ੀ ਨਾਲ ਵਧ ਸਕਦੀ ਹੈ। ਫਿਲਹਾਲ ਸਰਕਾਰ ਅਤੇ ਕੰਪਨੀ ਦੋਵਾਂ ਲਈ ਸਭ ਤੋਂ ਵੱਡੀ ਚੁਣੌਤੀ ਲੋਕਾਂ ਦੀ ਸੋਚ ਬਦਲਣਾ ਅਤੇ ਉਨ੍ਹਾਂ ਨੂੰ ਇਸ ਨਵੀਂ ਪ੍ਰਣਾਲੀ ’ਤੇ ਭਰੋਸਾ ਦਿਵਾਉਣਾ ਹੈ। ਜੇਕਰ ਲੋਕ ਇਸ ਗੈਸ ਵੱਲ ਆਉਦੇ ਹਨ ਤਾਂ ਘਰੇਲਨੂੰ ਗੈਸ ਦੀ ਕਮੀ ਪੂਰੀ ਹੋ ਸਕਦੀ ਹੈ।
ਸੁਰੱਖਿਆ ਨੂੰ ਲੈ ਕੇ ਲੋਕਾਂ ਵਿੱਚ ਡਰ : ਪੀਐੱਨਜੀ ਕੁਨੈਕਸ਼ਨ ਨਾ ਲੈਣ ਦਾ ਸਭ ਤੋਂ ਵੱਡਾ ਕਾਰਨ ਲੋਕਾਂ ਵਿੱਚ ਸੁਰੱਖਿਆ ਸਬੰਧੀ ਚਿੰਤਾ ਹੈ। ਕਈ ਲੋਕਾਂ ਨੂੰ ਡਰ ਰਹਿੰਦਾ ਹੈ ਕਿ ਜੇ ਪਾਈਪਲਾਈਨ ਕਿਸੇ ਥਾਂ ਤੋਂ ਕੱਟ ਜਾਵੇ ਜਾਂ ਲੀਕੇਜ ਹੋ ਜਾਵੇ, ਤਾਂ ਵੱਡਾ ਹਾਦਸਾ ਹੋ ਸਕਦਾ ਹੈ। ਸ਼ਹਿਰ ਵਿੱਚ ਪਹਿਲਾਂ ਵੀ ਕੁਝ ਥਾਵਾਂ ’ਤੇ ਪਾਈਪਲਾਈਨ ਨੂੰ ਨੁਕਸਾਨ ਪਹੁੰਚਣ ਦੇ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਲੋਕਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਹਾਲਾਂਕਿ ਹਰ ਵਾਰ ਕੰਪਨੀ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਵਿੱਚ ਕੀਤਾ ਅਤੇ ਕਿਸੇ ਵੱਡੇ ਹਾਦਸੇ ਤੋਂ ਬਚਾਅ ਕੀਤਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਈਪਲਾਈਨ ਪੂਰੀ ਤਰ੍ਹਾਂ ਸੁਰੱਖਿਅਤ ਤਕਨਾਲੋਜੀ ਨਾਲ ਵਿਛਾਈ ਜਾਂਦੀ ਹੈ ਅਤੇ ਇਸ ਵਿੱਚ ਕਈ ਪੱਧਰੀ ਸੁਰੱਖਿਆ ਪ੍ਰਬੰਧ ਹੁੰਦੇ ਹਨ। ਕੁੱਲ ਮਿਲਾ ਕੇ ਬਠਿੰਡਾ ਵਿੱਚ ਪੀਐੱਨਜੀ ਪ੍ਰਾਜੈਕਟ ਦੀ ਰਫ਼ਤਾਰ ਨੂੰ ਤੇਜ਼ ਕਰਨ ਲਈ ਲੋਕਾਂ ਵਿੱਚ ਭਰੋਸਾ ਪੈਦਾ ਕਰਨਾ ਸਭ ਤੋਂ ਜ਼ਰੂਰੀ ਹੈ। ਜੇ ਇਹ ਚੁਣੌਤੀ ਪਾਰ ਕੀਤੀ ਜਾਂਦੀ ਹੈ, ਤਾਂ ਇਹ ਯੋਜਨਾ ਸ਼ਹਿਰ ਵਾਸੀਆਂ ਲਈ ਵੱਡੀ ਸਹੂਲਤ ਸਾਬਤ ਹੋ ਸਕਦੀ ਹੈ।
-----
- ਪੀਐੱਨਜੀ ਦੇ ਫਾਇਦੇ
ਘਰ ਤਕ ਸਿੱਧੀ ਗੈਸ ਸਪਲਾਈ, ਸਿਲੰਡਰ ਦੀ ਲੋੜ ਨਹੀਂ
ਲਗਾਤਾਰ ਉਪਲਬਧਤਾ, ਖਤਮ ਹੋਣ ਦੀ ਚਿੰਤਾ ਨਹੀਂ
ਐੱਲਪੀਜੀ ਦੇ ਮੁਕਾਬਲੇ ਸਸਤੀ
ਵਾਤਾਵਰਣ ਲਈ ਕਾਫੀ ਹੱਦ ਤਕ ਬਿਹਤਰ
-----
- ਇਸ ਕਰ ਕੇ ਹਿਚਕਿਚਾ ਰਹੇ ਨੇ ਲੋਕ
ਪਾਈਪਲਾਈਨ ਲੀਕੇਜ ਤੇ ਹਾਦਸਿਆਂ ਦਾ ਡਰ
ਜਾਗਰੂਕਤਾ ਦੀ ਕਮੀ
ਰਵਾਇਤੀ ਐੱਲਪੀਜੀ ਸਿਸਟਮ ਦੀ ਆਦਤ
ਸ਼ੁਰੂਆਤੀ ਇੰਸਟਾਲੇਸ਼ਨ ਨੂੰ ਲੈ ਕੇ ਸ਼ੰਕਾ