ਮੌੜ, ਰਾਮਪੁਰਾ ਅਤੇ ਫੂਲ ਬਲਾਕ ਚੇਅਰਮੈਨ ਚੋਣਾਂ ਨੂੰ ਲੈ ਕੇ 'ਆਪ' ਅਤੇ ਅਕਾਲੀ ਦਲ ਆਹਮੋ ਸਾਹਮਣੇ

- ਵਿਰੋਧ ਦੇ ਬਾਵਜੂਦ ਮੌੜ ਤੇ ਰਾਮਪੁਰਾ ਬਲਾਕ ਕਮੇਟੀਆਂ ’ਤੇ ‘ਆਪ’ ਦਾ ਕਬਜ਼ਾ, ਫੂਲ ਦੀ ਚੋਣ ਮੁਲਤਵੀ
- ‘ਆਪ’ ਨੇ ਕਿਹਾ ਲੋਕਤੰਤਰਿਕ ਜਿੱਤ, ਦੂਜੀ ਪਾਰਟੀ ਨੇ ਦੱਸਿਆ ਲੋਕਤੰਤਰ ਦੀ ਹੱਤਿਆ
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮੌੜ, ਰਾਮਪੁਰਾ ਅਤੇ ਫੂਲ ਬਲਾਕ ਕਮੇਟੀ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਨੂੰ ਲੈ ਕੇ ਬੁੱਧਵਾਰ ਨੂੰ ਤਣਾਅਪੂਰਨ ਮਾਹੌਲ ਬਣਿਆ ਰਿਹਾ। ਅਕਾਲੀ ਦਲ ਅਤੇ ‘ਆਪ’ ਆਗੂਆਂ ਵਿਚਕਾਰ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸੁਖਵੀਰ ਸਿੰਘ ਸੰਦੋਹਾ ਨੂੰ ਮੌੜ ਮੰਡੀ ਤੋਂ ਚੇਅਰਮੈਨ ਅਤੇ ਸਰਬਜੀਤ ਕੌਰ ਨੂੰ ਉਪ ਚੇਅਰਮੈਨ ਚੁਣਿਆ ਗਿਆ, ਜਦੋਂਕਿ ਰੇਸ਼ਮ ਸਿੰਘ ਨੂੰ ਰਾਮਪੁਰਾ ਤੋਂ ਚੇਅਰਮੈਨ ਨਿਯੁਕਤ ਕੀਤਾ ਗਿਆ। ਹਾਲਾਂਕਿ ਫੂਲ ਬਲਾਕ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ। ਅਕਾਲੀ ਦਲ ਅਤੇ ਕਾਂਗਰਸ ਨੇ ਇਸ ਚੋਣ ਨੂੰ ਲੈ ਕੇ ਗੰਭੀਰ ਦੋਸ਼ ਲਾਏ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਰਾਮਪੁਰਾ ਦੇ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਵੱਲ ਜਾ ਰਹੇ ਸਨ। ਦੋਸ਼ ਹੈ ਕਿ ਅਕਾਲੀ ਦਲ ਦੇ ਵਰਕਰਾਂ ਨੇ ਉਨ੍ਹਾਂ ਦੀ ਗੱਡੀ ਨੂੰ ਘੇਰ ਲਿਆ ਅਤੇ ਅੱਗੇ ਵਧਣ ਤੋਂ ਰੋਕਿਆ। ਇਸ ਤੋਂ ਬਾਅਦ ਸਥਿਤੀ ਵਿਗੜ ਗਈ ਅਤੇ ਦੋਵਾਂ ਪਾਰਟੀਆਂ ਦੇ ਵਰਕਰਾਂ ਵਿਚਕਾਰ ਬਹਿਸਬਾਜ਼ੀ ਸ਼ੁਰੂ ਹੋ ਗਈ। ਇਸ ਦੌਰਾਨ ਅਕਾਲੀ ਦਲ, ਕਾਂਗਰਸ ਅਤੇ ਆਜ਼ਾਦ ਬਲਾਕ ਕਮੇਟੀ ਮੈਂਬਰਾਂ ਨੂੰ ਚੋਣ ਵਿਚ ਹਿੱਸਾ ਲੈਣ ਲਈ ਦਫ਼ਤਰ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਅਕਾਲੀ ਦਲ ਅਤੇ ਆਜ਼ਾਦ ਮੈਂਬਰ ਸਮੇਂ ਸਿਰ ਬੀਡੀਪੀਓ ਦਫ਼ਤਰ ਪਹੁੰਚੇ, ਪਰ ਪੁਲਿਸ ਨੇ ਉਨ੍ਹਾਂ ਨੂੰ ਗੇਟ ’ਤੇ ਰੋਕ ਦਿੱਤਾ। ਇਸ ਕਾਰਨ ਮੈਂਬਰਾਂ ਅਤੇ ਪੁਲਿਸ ਵਿਚਕਾਰ ਬਹਿਸ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਵੱਡੀ ਗਿਣਤੀ ਵਿਚ ਅਕਾਲੀ ਦਲ ਦੇ ਵਰਕਰ ਮੌਕੇ 'ਤੇ ਪਹੁੰਚੇ ਅਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕਰਨ ਲੱਗੇ। ਇਸ ਦੌਰਾਨ 'ਆਪ' ਵਰਕਰ ਵੀ ਪਹੁੰਚ ਗਏ, ਜਿਸ ਕਾਰਨ ਦੋਵਾਂ ਧਿਰਾਂ ਵਿਚਕਾਰ ਟਕਰਾਅ ਹੋ ਗਿਆ। ਹਾਲਾਂਕਿ, ਲੋਕਾਂ ਨੇ ਦਖਲ ਦੇ ਕੇ ਸਥਿਤੀ ਨੂੰ ਸ਼ਾਂਤ ਕਰ ਦਿੱਤਾ। ਐੱਸਡੀਐੱਮ ਮੌੜ ਅਤੇ ਚੋਣ ਅਧਿਕਾਰੀ ਹਰਪ੍ਰੀਤ ਸਿੰਘ ਅਟਵਾਲ ਦੀ ਨਿਗਰਾਨੀ ਹੇਠ ਬੀਡੀਪੀਓ ਦਫ਼ਤਰ ਵਿਖੇ ਚੋਣ ਕਰਵਾਈ ਗਈ। ਸਵੇਰ ਤੋਂ ਹੀ ਦਫ਼ਤਰ ਦੇ ਆਲੇ-ਦੁਆਲੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ ਅਤੇ ਪੂਰੇ ਇਲਾਕੇ ਨੂੰ ਪੁਲਿਸ ਛਾਉਣੀ ਵਿਚ ਬਦਲ ਦਿੱਤਾ ਗਿਆ ਸੀ। ਦਫ਼ਤਰ ਵੱਲ ਜਾਣ ਵਾਲੀਆਂ ਸੜਕਾਂ ਨੂੰ ਸੀਲ ਕਰ ਦਿੱਤਾ ਗਿਆ ਸੀ। ਵਿਰੋਧੀ ਪਾਰਟੀਆਂ ਦੇ ਅਨੁਸਾਰ, ਛੇ ਅਕਾਲੀ ਦਲ ਦੇ ਮੈਂਬਰਾਂ, ਦੋ ਕਾਂਗਰਸੀ ਮੈਂਬਰਾਂ ਅਤੇ ਇੱਕ ਆਜ਼ਾਦ ਮੈਂਬਰ ਨੂੰ ਪੁਲਿਸ ਨੇ ਦਫ਼ਤਰ ਦੇ ਬਾਹਰ ਰੋਕ ਲਿਆ ਅਤੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਇਨ੍ਹਾਂ ਮੈਂਬਰਾਂ ਨੇ ਦੋਸ਼ ਲਗਾਇਆ ਕਿ ਉਹ ਸਵੇਰੇ 9 ਵਜੇ ਮੌਕੇ 'ਤੇ ਪਹੁੰਚੇ ਸਨ, ਪਰ ਪੁਲਿਸ ਨੇ ਉਨ੍ਹਾਂ ਨੂੰ ਜ਼ਬਰਦਸਤੀ ਰੋਕਿਆ, ਜਦੋਂਕਿ ਸਿਰਫ਼ ਛੇ 'ਆਪ' ਮੈਂਬਰਾਂ ਅਤੇ ਵਿਧਾਇਕ ਨੂੰ ਅੰਦਰ ਜਾਣ ਦਿੱਤਾ ਗਿਆ। ਇਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ, ਦੋਵਾਂ ਪਾਰਟੀਆਂ ਦੇ ਸਮਰਥਕਾਂ ਨੇ ਇਕ-ਦੂਜੇ ਵਿਰੁੱਧ ਨਾਅਰੇਬਾਜ਼ੀ ਕੀਤੀ। ਬਾਹਰ ਖੜ੍ਹੇ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ 'ਤੇ ਪੱਖਪਾਤ ਦਾ ਦੋਸ਼ ਲਗਾਇਆ ਅਤੇ ਇਸ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ। ਅਕਾਲੀ ਦਲ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਬਹੁਮਤ ਹੋਣ ਦੇ ਬਾਵਜੂਦ, ਉਨ੍ਹਾਂ ਨੂੰ ਚੋਣ ਪ੍ਰਕਿਰਿਆ ਤੋਂ ਬਾਹਰ ਰੱਖਿਆ ਗਿਆ ਅਤੇ ਸੱਤਾਧਾਰੀ ਪਾਰਟੀ ਦੇ ਦਬਾਅ ਹੇਠ ਸਿਰਫ਼ ਛੇ ਮੈਂਬਰਾਂ ਨਾਲ ਚੇਅਰਮੈਨ ਦੀ ਚੋਣ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਲੋਕਤੰਤਰੀ ਪ੍ਰਕਿਰਿਆ ਦੀ ਘੋਰ ਉਲੰਘਣਾ ਹੈ। ਦੂਜੇ ਪਾਸੇ, ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਲੁੜੀਂਦਾ ਕੋਰਮ ਸੀ ਅਤੇ ਚੋਣ ਨਿਯਮਾਂ ਅਨੁਸਾਰ ਹੋਈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਅਕਾਲੀ ਦਲ ਦੇ ਵਰਕਰਾਂ ਨੇ ਵਿਧਾਇਕ ਦੀ ਕਾਰ ਨੂੰ ਰੋਕ ਕੇ ਮਾਹੌਲ ਵਿਗਾੜ ਦਿੱਤਾ।
ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਨੇ ਕਿਹਾ ਕਿ ਚੋਣ ਪੂਰੀ ਤਰ੍ਹਾਂ ਲੋਕਤੰਤਰੀ ਢੰਗ ਨਾਲ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਮੌਜੂਦ ਮੈਂਬਰਾਂ ਨੇ ਚੇਅਰਮੈਨ ਅਤੇ ਉਪ ਚੇਅਰਮੈਨ ਨੂੰ ਚੁਣਨ ਲਈ ਵੋਟ ਦਿੱਤੀ। ਉਨ੍ਹਾਂ ਅਨੁਸਾਰ, 'ਆਪ' ਕੋਲ ਲੁੜੀਂਦਾ ਸਮਰਥਨ ਸੀ, ਜਦੋਂਕਿ ਵਿਰੋਧੀ ਧਿਰ ਕੋਲ ਬਹੁਮਤ ਦੀ ਘਾਟ ਸੀ। ਇਸ ਦੌਰਾਨ ਸੀਨੀਅਰ ਅਕਾਲੀ ਦਲ ਆਗੂ ਜਨਮੇਜਾ ਸਿੰਘ ਸੇਖੋਂ ਨੇ ਦੋਸ਼ ਲਾਇਆ ਕਿ ਪੁਲਿਸ ਅਤੇ ਪ੍ਰਸ਼ਾਸਨ ਨੇ ਸੱਤਾਧਾਰੀ ਪਾਰਟੀ ਦੇ ਦਬਾਅ ਹੇਠ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਚੋਣ ਤੋਂ ਦੂਰ ਰੱਖਿਆ। ਉਨ੍ਹਾਂ ਕਿਹਾ ਕਿ 15 ਵਿੱਚੋਂ 9 ਮੈਂਬਰਾਂ ਨੂੰ ਅੰਦਰ ਨਾ ਜਾਣ ਦੇਣਾ ਲੋਕਤੰਤਰ ਦੇ ਵਿਰੁੱਧ ਹੈ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਵੀ ਇਸ ਮਾਮਲੇ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਸੱਤਾਧਾਰੀ ਪਾਰਟੀ, ਪ੍ਰਸ਼ਾਸਨ ਅਤੇ ਪੁਲਿਸ ਦੀ ਮਦਦ ਨਾਲ ਜ਼ਬਰਦਸਤੀ ਆਪਣਾ ਚੇਅਰਮੈਨ ਲਾਉਣਾ ਚਾਹੁੰਦੀ ਹੈ। ਮਲੂਕਾ ਨੇ ਦਾਅਵਾ ਕੀਤਾ ਕਿ ਬਲਾਕ ਕਮੇਟੀ ਫੂਲ ਦੇ ਕੁੱਲ 18 ਮੈਂਬਰਾਂ ਵਿੱਚੋਂ, ਅਕਾਲੀ ਦਲ ਦੇ 10 ਮੈਂਬਰ ਹਨ, ਜਦੋਂਕਿ 'ਆਪ' ਦੇ ਪੰਜ, ਕਾਂਗਰਸ ਦੇ ਦੋ ਅਤੇ ਇਕ ਆਜ਼ਾਦ ਮੈਂਬਰ ਹੈ। ਇਸ ਦੇ ਬਾਵਜੂਦ ਅਕਾਲੀ ਦਲ ਦੇ ਮੈਂਬਰਾਂ ਨੂੰ ਚੋਣ ਵਿਚ ਹਿੱਸਾ ਲੈਣ ਤੋਂ ਰੋਕਿਆ ਗਿਆ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਪੁਲਿਸ ਅਤੇ ਸੱਤਾਧਾਰੀ ਪਾਰਟੀ ਦੇ ਸਮਰਥਕਾਂ ਨੇ ਚੋਣਾਂ ਦੌਰਾਨ ਹਿੰਸਾ ਕੀਤੀ, ਕੁਝ ਮੈਂਬਰਾਂ ਨੂੰ ਜ਼ਬਰਦਸਤੀ ਬਾਹਰ ਕੱਢ ਦਿੱਤਾ। ਉਨ੍ਹਾਂ ਕਿਹਾ ਕਿ ਉਹ ਇਸ ਘਟਨਾ ਵਿਰੁੱਧ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ।