ਬਾਰਿਸ਼ ਦੇ ਮੌਸਮ ’ਚ ਸੜਕ ਬਣਾਉਣ ’ਤੇ ਵਿਰੋਧ, ਨਿਰਪੱਖ ਜਾਂਚ ਦੀ ਮੰਗ
ਬਰਸਾਤ ਦੇ ਮੌਸਮ ਵਿਚ ਸੜਕ ਬਣਾਉਣ 'ਤੇ ਵਿਰੋਧ, ਨਿਰਪੱਖ ਜਾਂਚ ਦੀ ਮੰਗ
Publish Date: Thu, 19 Mar 2026 05:40 PM (IST)
Updated Date: Thu, 19 Mar 2026 05:43 PM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ਵਿਚ ਵਿਕਾਸ ਦੇ ਨਾਂ ’ਤੇ ਕਰੋੜਾਂ ਰੁਪਏ ਦੇ ਟੈਂਡਰ ਜਾਰੀ ਹੋਣ ਦੇ ਵਿਚਕਾਰ ਵੀਰ ਕਾਲੋਨੀ ’ਚ ਬਰਸਾਤ ਦੇ ਮੌਸਮ ਦੌਰਾਨ ਸੜਕ ਦੀ ਉਸਾਰੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਸਵੇਰ ਤੋਂ ਹੀ ਮੌਸਮ ਖ਼ਰਾਬ ਸੀ ਅਤੇ ਲਗਾਤਾਰ ਮੀਂਹ ਪੈ ਰਿਹਾ ਸੀ। ਇਸ ਦੇ ਬਾਵਜੂਦ ਠੇਕੇਦਾਰ ਵੱਲੋਂ ਸੜਕ ਦੀ ਉਸਾਰੀ ਦਾ ਕੰਮ ਜਾਰੀ ਰੱਖਿਆ ਗਿਆ। ਜਿਸ ਨਾਲ ਇਸਦੀ ਗੁਣਵੱਤਾ ’ਤੇ ਗੰਭੀਰ ਕਈ ਸਵਾਲ ਖੜ੍ਹੇ ਹੁੰਦੇ ਹਨ। ਕਾਲੋਨੀ ਦੇ ਮੁਖੀ ਸੰਦੀਪ ਗਰਗ ਅਤੇ ਸਤਿੰਦਰ ਕੁਮਾਰ ਨੇ ਇਸ ਕੰਮ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਸੜਕ ਬਣਾਉਣਾ ਤਕਨੀਕੀ ਤੌਰ 'ਤੇ ਗਲਤ ਹੈ ਅਤੇ ਜਨਤਕ ਟੈਕਸ ਦੇ ਪੈਸੇ ਦੀ ਸ਼ਰੇਆਮ ਬਰਬਾਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਕੰਮ ਸਿਰਫ਼ ਦਿਖਾਵੇ ਲਈ ਜਲਦਬਾਜ਼ੀ ਵਿਚ ਕੀਤਾ ਜਾ ਰਿਹਾ ਹੈ, ਜਦੋਂਕਿ ਟਿਕਾਊਪਣ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਸਥਾਨਕ ਲੋਕਾਂ ਨੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਅਜਿਹੀ ਲਾਪ੍ਰਵਾਹੀ ਦੁਬਾਰਾ ਨਾ ਹੋਣ ਦੇਣ ਲਈ ਜ਼ਿੰਮੇਵਾਰ ਅਧਿਕਾਰੀਆਂ ਅਤੇ ਠੇਕੇਦਾਰ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਦੌਰਾਨ ਨਗਰ ਨਿਗਮ ਦੇ ਕਾਰਜਕਾਰੀ ਇੰਜੀਨੀਅਰ ਰਾਜਿੰਦਰ ਕੁਮਾਰ ਨੇ ਕਿਹਾ ਕਿ ਠੇਕੇਦਾਰ ਦੇ ਕੰਮ ਕਰਦੇ ਸਮੇਂ ਮੌਸਮ ਅਚਾਨਕ ਖਰਾਬ ਹੋ ਗਿਆ ਅਤੇ ਹਲਕੀ ਬਾਰਿਸ਼ ਹੋਈ, ਪਰ ਉਸ ਸਮੇਂ ਕੰਮ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸੜਕ ਨਿਰਮਾਣ ਦੀ ਜ਼ਿੰਮੇਵਾਰੀ ਠੇਕੇਦਾਰ ਦੀ ਹੈ ਅਤੇ ਜੇਕਰ ਸੜਕ ਖਰਾਬ ਹੁੰਦੀ ਹੈ ਤਾਂ ਇਸ ਦੀ ਭਰਪਾਈ ਠੇਕੇਦਾਰ ਤੋਂ ਕੀਤੀ ਜਾਵੇਗੀ।