ਰੇਲਵੇ ਗਰਾਊਂਡ ਨੇੜੇ ਔਰਤ ਕੋਲੋਂ ਪਰਸ ਖੋਹਿਆ
ਰੇਲਵੇ ਗਰਾਊਂਡ ਨੇੜੇ ਔਰਤ ਤੋਂ ਪਰਸ ਖੋਹਿਆ
Publish Date: Thu, 19 Mar 2026 05:37 PM (IST)
Updated Date: Thu, 19 Mar 2026 05:40 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ਵਿਚ ਝਪਟਮਾਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਅਤੇ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਦਿਨ-ਦਿਹਾੜੇ ਵਾਰਦਾਤ ਕਰ ਕੇ ਆਸਾਨੀ ਨਾਲ ਫ਼ਰਾਰ ਹੋ ਜਾਂਦੇ ਹਨ। ਤਾਜ਼ਾ ਮਾਮਲਾ ਦੁਪਹਿਰ ਕਰੀਬ 3 ਵਜੇ ਦਾ ਹੈ, ਜਦੋਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਇਕ ਔਰਤ ਤੋਂ ਪਰਸ ਖੋਹ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਜਾਣਕਾਰੀ ਮੁਤਾਬਿਕ ਸੋਨੂ ਬਾਲਾ ਪਤਨੀ ਪ੍ਰਵੀਨ ਕੁਮਾਰ ਰੇਲਵੇ ਗਰਾਊਂਡ ਤੋਂ ਪ੍ਰਤਾਪ ਨਗਰ ਵੱਲ ਜਾ ਰਹੀ ਸੀ। ਇਸ ਦੌਰਾਨ ਪਿੱਛੋਂ ਆਏ ਬਾਈਕ ਸਵਾਰ ਦੋ ਨੌਜਵਾਨਾਂ ਨੇ ਅਚਾਨਕ ਝਪਟਾ ਮਾਰ ਕੇ ਉਸ ਦਾ ਪਰਸ ਖੋਹ ਲਿਆ ਅਤੇ ਦੋਵੇਂ ਮੁਲਜ਼ਮ ਫ਼ਰਾਰ ਹੋ ਗਏ। ਘਟਨਾ ਤੋਂ ਬਾਅਦ ਔਰਤ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚੀ ਪੁਲਿਸ ਨੇ ਇਲਾਕੇ ਦਾ ਜਾਇਜ਼ਾ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਹੁਣ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾ ਸਕੇ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਿਚ ਭਾਰੀ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਵੱਧ ਰਹੀਆਂ ਝਪਟਮਾਰੀ ਦੀਆਂ ਘਟਨਾਵਾਂ ਕਾਰਨ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਦਿਨ ਦਿਹਾੜੇ ਹੋ ਰਹੀਆਂ ਅਜਿਹੀਆਂ ਵਾਰਦਾਤਾਂ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜ੍ਹੇ ਕਰ ਰਹੀਆਂ ਹਨ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ ਅਤੇ ਨਾਲ ਹੀ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਕਿਸੇ ਵੀ ਸ਼ੱਕੀ ਸਰਗਰਮੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ ਦੀ ਅਪੀਲ ਕੀਤੀ ਗਈ ਹੈ।