ਇੰਟਰ-ਕਾਲਜ ਡਰਾਮਾ ਮੁਕਾਬਲਾ ਕਰਵਾਇਆ
ਇੰਟਰ-ਕਾਲਜ ਡਰਾਮਾ ਮੁਕਾਬਲਾ ਕਰਵਾਇਆ
Publish Date: Thu, 19 Mar 2026 04:43 PM (IST)
Updated Date: Thu, 19 Mar 2026 04:46 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਨਸ਼ਾਮੁਕਤ ਭਾਰਤ ਮੁਹਿੰਮ ਤਹਿਤ ਅਤੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੀ ਅਗਵਾਈ ਹੇਠ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਅਤੇ ਯੂਥ ਸਰਵਿਸਿਜ਼ ਵਿਭਾਗ ਬਠਿੰਡਾ ਵੱਲੋਂ ਸਥਾਨਕ ਡੀਏਵੀ ਕਾਲਜ ਦੇ ਸਹਿਯੋਗ ਨਾਲ ਇੰਟਰ-ਕਾਲਜ ਡਰਾਮਾ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਐੱਨਕੇ ਸੁਭਦੀਪ ਸਿੰਘ ਸੋਨੀ ਢਿੱਲੋਂ (ਰਾਮਪੁਰਾ ਫੂਲ) ਹਾਜ਼ਰ ਰਹੇ। ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਡਾ. ਮਲਕੀਤ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਾਮੁਕਤ ਭਾਰਤ ਮੁਹਿੰਮ ਦੇ ਪੰਜ ਸਾਲ ਮੁਕੰਮਲ ਹੋਣ ’ਤੇ ਵੱਖ-ਵੱਖ ਜਾਗਰੂਕਤਾ ਪ੍ਰੋਗਰਾਮਾਂ ਦੀ ਲੜੀ ਤਹਿਤ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਰਾਹੀਂ ਨੌਜਵਾਨਾਂ ਵਿੱਚ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਫੈਲਾਉਣ ਵਿੱਚ ਮਦਦ ਮਿਲਦੀ ਹੈ। ਇਸ ਮੁਕਾਬਲੇ ਵਿਚ ਮਸਤਾਨੇ ਥੀਏਟਰ ਗਰੁੱਪ ਰਾਮਪੁਰਾ ਨੇ ਪਹਿਲਾ ਸਥਾਨ ਹਾਸਲ ਕੀਤਾ, ਮਾਤਾ ਸੁੰਦਰੀ ਕਾਲਜ ਢੱਡੇ ਨੇ ਦੂਜਾ ਅਤੇ ਬਾਬਾ ਫਰੀਦ ਕਾਲਜ ਗਰੁੱਪ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਭ ਟੀਮਾਂ ਵੱਲੋਂ ਨਸ਼ਿਆਂ ਨਾਲ ਹੋਣ ਵਾਲੇ ਨੁਕਸਾਨਾਂ ਅਤੇ ਨਸ਼ਿਆਂ ਨਾਲ ਸਮਾਜ ’ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਮੁਕਾਬਲੇ ਦੀ ਜੱਜਮੈਂਟ ਪ੍ਰੋਫੈਸਰ ਅਮਿਤ ਕੁਮਾਰ ਸਿੰਗਲਾ ਅਤੇ ਡਾ. ਸਤੀਸ਼ ਗਰੋਵਰ ਵੱਲੋਂ ਕੀਤੀ ਗਈ। ਪ੍ਰੋਗਰਾਮ ਦੌਰਾਨ ਪ੍ਰੋਫੈਸਰ ਸੰਦੀਪ ਭਾਟੀਆ ਨੇ ਮੰਚ ਸੰਚਾਲਨ ਕੀਤਾ ਅਤੇ ਡਾ. ਨਵਜੋਤ ਕੌਰ ਤੋਂ ਇਲਾਵਾ ਹੋਰ ਮਹਿਮਾਨ ਵੀ ਮੌਜੂਦ ਰਹੇ। ਪ੍ਰੋਗਰਾਮ ਦੇ ਅਖੀਰ ਵਿਚ ਜੇਤੂ ਟੀਮਾਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਵੀ ਦਿੱਤਾ ਗਿਆ।