ਮਿਲਾਵਟਖੋਰੀ ਵਿਰੁੱਧ ਸਿਹਤ ਤੇ ਵਿਜੀਲੈਂਸ ਵਿਭਾਗ ਦੀ ਸਾਂਝੀ ਕਾਰਵਾਈ
ਮਿਲਾਵਟਖੋਰੀ ਵਿਰੁੱਧ ਸਿਹਤ ਤੇ ਵਿਜਿਲੈਂਸ ਵਿਭਾਗ ਦੀ ਸਾਂਝੀ ਕਾਰਵਾਈ, ਵੱਖ-ਵੱਖ ਡੇਅਰੀਆਂ ਦਾ ਕੀਤਾ ਨਿਰੀਖਣ
Publish Date: Thu, 19 Mar 2026 04:33 PM (IST)
Updated Date: Thu, 19 Mar 2026 04:37 PM (IST)

- ਵੱਖ-ਵੱਖ ਡੇਅਰੀਆਂ ਦਾ ਕੀਤਾ ਨਿਰੀਖਣ, ਕਈ ਡੇਅਰੀਆਂ ਤੋਂ ਇਕੱਠੇ ਕੀਤੇ ਨਮੂਨੇ ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਸ਼ਹਿਰ ਵਿਚ ਮਿਲਾਵਟਖੋਰੀ ਨੂੰ ਰੋਕਣ ਲਈ ਸਿਹਤ ਵਿਭਾਗ ਅਤੇ ਵਿਜੀਲੈਂਸ ਵਿਭਾਗ ਦੀਆਂ ਸਾਂਝੀਆਂ ਟੀਮਾਂ ਨੇ ਇਕ ਵਿਆਪਕ ਮੁਹਿੰਮ ਚਲਾਈ ਅਤੇ ਵੱਖ-ਵੱਖ ਡੇਅਰੀਆਂ ਦਾ ਨਿਰੀਖਣ ਕੀਤਾ। ਇਸ ਮੁਹਿੰਮ ਤਹਿਤ ਅਧਿਕਾਰੀਆਂ ਨੇ ਵੱਖ-ਵੱਖ ਟੀਮਾਂ ਬਣਾਈਆਂ ਅਤੇ ਸ਼ਹਿਰ ਦੇ ਕਈ ਖੇਤਰਾਂ ਵਿਚ ਇੱਕੋ ਸਮੇਂ ਛਾਪੇਮਾਰੀ ਕੀਤੀ। ਇਸ ਦੌਰਾਨ ਟੀਮ ਮੈਂਬਰਾਂ ਨੇ ਸਿਰਕੀ ਬਾਜ਼ਾਰ ਅਤੇ ਹੋਰ ਪ੍ਰਮੁੱਖ ਥਾਵਾਂ ਤੇ ਡੇਅਰੀ ਉਤਪਾਦ ਵੇਚਣ ਵਾਲੀਆਂ ਦੁਕਾਨਾਂ ਅਤੇ ਅਦਾਰਿਆਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ। ਨਿਰੀਖਣ ਦੌਰਾਨ ਡੇਅਰੀ ਸੰਚਾਲਕਾਂ ਤੋਂ ਦੁੱਧ, ਘਿਓ, ਪਨੀਰ ਅਤੇ ਹੋਰ ਖਾਣ-ਪੀਣ ਦੀਆਂ ਵਸਤੂਆਂ ਦੀ ਗੁਣਵੱਤਾ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ। ਕਈ ਥਾਵਾਂ ਤੇ ਸ਼ੱਕੀ ਪਾਏ ਗਏ ਉਤਪਾਦਾਂ ਦੇ ਨਮੂਨੇ ਵੀ ਇਕੱਠੇ ਕੀਤੇ ਗਏ ਅਤੇ ਜਾਂਚ ਲਈ ਲੈਬ ਵਿਚ ਭੇਜੇ ਗਏ। ਸਿਰਕੀ ਬਾਜ਼ਾਰ ਵਿਚ ਇਕ ਡੇਅਰੀ ਦੁਕਾਨ ਦਾ ਵਿਸ਼ੇਸ਼ ਤੌਰ ਤੇ ਨਿਰੀਖਣ ਕੀਤਾ ਗਿਆ, ਜਿੱਥੇ ਘਿਓ ਅਤੇ ਪਨੀਰ ਦੇ ਦੋ ਨਮੂਨੇ ਲਏ ਗਏ। ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਭੋਜਨ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਨ ਦੀ ਹਦਾਇਤ ਵੀ ਕੀਤੀ ਅਤੇ ਸਫ਼ਾਈ ਅਤੇ ਗੁਣਵੱਤਾ ਬਣਾਈ ਰੱਖਣ ਤੇ ਜ਼ੋਰ ਦਿੱਤਾ। ਫੂਡ ਸੇਫਟੀ ਅਫਸਰ ਨਵਦੀਪ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਸ਼ੁੱਧ ਅਤੇ ਸੁਰੱਖਿਅਤ ਭੋਜਨ ਪ੍ਰਦਾਨ ਕਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਵਿਭਾਗ ਸਮੇਂ-ਸਮੇਂ ਤੇ ਅਜਿਹੀਆਂ ਕਾਰਵਾਈਆਂ ਕਰਦਾ ਰਹੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਡੀਐਸਪੀ ਵਿਜੀਲੈਂਸ ਕੁਲਵੰਤ ਸਿੰਘ ਨੇ ਕਿਹਾ ਕਿ ਜੇਕਰ ਨਿਰੀਖਣ ਦੌਰਾਨ ਇਕੱਠੇ ਕੀਤੇ ਗਏ ਨਮੂਨੇ ਲੈਬ ਟੈਸਟ ਵਿਚ ਫੇਲ ਹੋ ਜਾਂਦੇ ਹਨ ਤਾਂ ਸ਼ਾਮਲ ਦੁਕਾਨਦਾਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮਿਲਾਵਟਖੋਰੀ ਵਿਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਅੱਗੇ ਵੀ ਮੁਹਿੰਮ ਜਾਰੀ ਰਹੇਗੀ ਅਤੇ ਹੋਰ ਖੇਤਰਾਂ ਵਿਚ ਵੀ ਇਸੇ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ।