22 ਮਾਰਚ ਨੂੰ ਹੋਵੇਗੀ ਰਿਟੇਲ ਕੈਮਿਸਟ ਐਸੋਸੀਏਸ਼ਨ ਦੀ ਮੀਟਿੰਗ
22 ਮਾਰਚ ਨੂੰ ਹੋਵੇਗੀ ਰਿਟੇਲ ਕੈਮਿਸਟ ਐਸੋਸੀਏਸ਼ਨ ਦੀ ਜਨਰਲ ਹਾਊਸ ਮੀਟਿੰਗ
Publish Date: Wed, 18 Mar 2026 06:34 PM (IST)
Updated Date: Thu, 19 Mar 2026 04:07 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ਰਿਟੇਲ ਕੈਮਿਸਟ ਐਸੋਸੀਏਸ਼ਨ ਦੀ ਆਫਿਸ ਬੇਅਰਰਜ਼ ਬੈਠਕ ਆਰਸੀਏ ਦੇ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਦੀ ਅਗਵਾਈ ਹੇਠ ਹੋਈ। ਬੈਠਕ ਦੌਰਾਨ ਐਸੋਸੀਏਸ਼ਨ ਨਾਲ ਸਬੰਧਤ ਕਈ ਮਹੱਤਵਪੂਰਨ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਤੇ ਆਉਣ ਵਾਲੀ ਜਨਰਲ ਹਾਊਸ ਮੀਟਿੰਗ ਦੀ ਤਿਆਰੀ ਸਬੰਧੀ ਵੀ ਚਰਚਾ ਕੀਤੀ ਗਈ। ਇਸ ਮੌਕੇ ਆਰਸੀਏ ਦੇ ਜਨਰਲ ਸਕੱਤਰ ਸਮਸ਼ੇਰ ਸਿੰਘ, ਚੇਅਰਮੈਨ ਪ੍ਰੀਤਮ ਸਿੰਘ ਵਿਰਕ, ਸੀਨੀਅਰ ਉਪ ਪ੍ਰਧਾਨ ਗੁਰਜਿੰਦਰ ਸਿੰਘ ਸ਼ਾਹਣੀ, ਉੱਪ ਪ੍ਰਧਾਨ ਹਰਮੇਲ ਸਿੰਘ ਅਤੇ ਸੁਰੇਸ਼ ਤਾਈਲ, ਕੈਸ਼ੀਅਰ ਪੋਰਿੰਦਰ ਸਿੰਗਲਾ, ਕੈਸ਼ੀਅਰ/ਸਕੱਤਰ ਰਾਜ ਕੁਮਾਰ ਸਿੰਗਲਾ, ਸਕੱਤਰ ਵਿਜੈ ਜਿੰਦਲ, ਅਸ਼ੋਕ ਕੁਮਾਰ ਵਿੱਕੀ ਤੇ ਬਲਜੀਤ ਸਿੰਘ ਵੀ ਮੌਜੂਦ ਸਨ। ਬੈਠਕ ਬਾਰੇ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਰਿਟੇਲ ਕੈਮਿਸਟ ਐਸੋਸੀਏਸ਼ਨ ਬਠਿੰਡਾ ਵੱਲੋਂ 22 ਮਾਰਚ ਐਤਵਾਰ ਨੂੰ ਦੁਪਹਿਰ 2:30 ਵਜੇ ਟੀਚਰ ਹੋਮ ਬਠਿੰਡਾ ਵਿਖੇ ਜਨਰਲ ਹਾਊਸ ਮੀਟਿੰਗ ਰੱਖੀ ਗਈ ਹੈ। ਮੀਟਿੰਗ ਵਿੱਚ ਐਸੋਸੀਏਸ਼ਨ ਨਾਲ ਜੁੜੇ ਸਾਰੇ ਮੈਂਬਰਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇਗੀ ਅਤੇ ਵਪਾਰ ਨਾਲ ਸੰਬੰਧਿਤ ਮਹੱਤਵਪੂਰਨ ਮਸਲਿਆਂ ’ਤੇ ਸਰਬਸੰਮਤੀ ਨਾਲ ਫੈਸਲੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਕਈ ਅਹਿਮ ਮੁੱਦਿਆਂ ’ਤੇ ਵਿਚਾਰ ਕੀਤਾ ਜਾਵੇਗਾ। ਜਿਨ੍ਹਾਂ ਕੰਪਨੀਆਂ ਵੱਲੋਂ ਤਹਿ ਕੀਤੇ ਮਾਰਜਨ ਤੋਂ ਘੱਟ ਰੇਟ ਦਿੱਤੇ ਜਾ ਰਹੇ ਹਨ, ਉਨ੍ਹਾਂ ਨੂੰ ਪੂਰਾ ਕਰਵਾਉਣ ਬਾਰੇ ਵਿਚਾਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਹੋਲਸੇਲ ਲਾਇਸੈਂਸ ਰੱਖਣ ਵਾਲਿਆਂ ਵੱਲੋਂ ਰੀਟੇਲਿੰਗ ਕਰਨ ਦੇ ਮਾਮਲੇ ’ਤੇ ਵੀ ਗੰਭੀਰ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕੇਂਦਰੀ ਜਨ ਔਸ਼ਧੀ ਮੈਡੀਕਲ ਸਟੋਰਾਂ ਵੱਲੋਂ ਸਿਰਫ ਅਲਾਟਿਡ ਦਵਾਈਆਂ ਹੀ ਵੇਚਣ ਅਤੇ ਦੂਜੇ ਮੈਡੀਕਲ ਵਾਲਿਆਂ ਦੀਆਂ ਦਵਾਈਆਂ ਨਾ ਵੇਚਣ ਸਬੰਧੀ ਵੀ ਵਿਚਾਰ ਕੀਤਾ ਜਾਵੇਗਾ। ਮੀਟਿੰਗ ਵਿਚ ਦਵਾਈਆਂ ਦੇ ਬ੍ਰੇਕੇਜ਼ ਅਤੇ ਐਕਸਪਾਇਰੀ ਨਾਲ ਸੰਬੰਧਿਤ ਮੁੱਦੇ ਵੀ ਚੁੱਕੇ ਜਾਣਗੇ ਤੇ ਇਸ ਦੇ ਹੱਲ ਲਈ ਸੰਭਾਵਿਤ ਫੈਸਲੇ ਲਏ ਜਾਣਗੇ। ਦਵਾਈਆਂ ਦੀਆਂ ਦੁਕਾਨਾਂ ’ਤੇ ਲੱਗੇ ਡਿਸਕਾਉਂਟ ਬੋਰਡ ਹਟਾਉਣ ਦੇ ਮਾਮਲੇ ’ਤੇ ਵੀ ਵਿਸਥਾਰ ਨਾਲ ਵਿਚਾਰ ਕੀਤਾ ਜਾਵੇਗਾ। ਅੰਤ ਵਿਚ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਮੀਟਿੰਗ ਵਿਚ ਸ਼ਾਮਲ ਹੋਣ ਤਾਂ ਜੋ ਸਾਰੇ ਮੁੱਦਿਆਂ ’ਤੇ ਸਾਂਝੇ ਤੌਰ ’ਤੇ ਫੈਸਲੇ ਕਰਕੇ ਵਪਾਰ ਦੀ ਭਲਾਈ ਲਈ ਅਗਲੇ ਕਦਮ ਚੁੱਕੇ ਜਾ ਸਕਣ।