ਗੁਰੂ ਕਾਸ਼ੀ ’ਵਰਸਿਟੀ ’ਚ ਐਥਲੈਟਿਕ ਚੈਪੀਅਨਸ਼ਿਪ ਮੁਕੰਮਲ
ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ 45ਵੀਂ ਰਾਸ਼ਟਰੀ ਵੈਟਰਨ ਐਥਲੈਟਿਕ ਚੈਪੀਅਨਸ਼ਿਪ-2026 ਦਾ ਸ਼ਾਨਦਾਰ ਸਮਾਪਨ
Publish Date: Wed, 18 Mar 2026 05:55 PM (IST)
Updated Date: Thu, 19 Mar 2026 04:07 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋਂ : ਮਿਲਖਾ ਸਿੰਘ ਵੈਟਰਨ ਐਥਲੈਟਿਕਸ ਕਲੱਬ (ਰਜ਼ਿ) ਬਠਿੰਡਾ ਵੱਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਤਿੰਨ ਰੋਜ਼ਾ 45ਵੀਂ ਰਾਸ਼ਟਰੀ ਵੈਟਰਨ ਐਥਲੈਟਿਕ ਚੈਂਪੀਅਨਸ਼ਿਪ-2026 ਕਰਵਾਈ ਗਈ। ਜਿਸ ਵਿਚ ਚਾਂਸਲਰ ਗੁਰਲਾਭ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ, ਜਦ ਕਿ ਪ੍ਰੋ.(ਡਾ.) ਜਗਤਾਰ ਸਿੰਘ ਧੀਮਾਨ ਕਾਰਜਕਾਰੀ ਵਾਇਸ ਚਾਂਸਲਰ ਨੇ ਇਸ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਪ੍ਰਸਿੱਧ ਸਨਅਤਕਾਰ ਸੁਖਦੇਵ ਸਿੰਘ ਚਾਹਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਚੈਪੀਅਨਸ਼ਿਪ ਵਿਚ ਭਾਰਤ ਦੇ 12 ਰਾਜਾਂ ਦੇ 30 ਤੋਂ 95 ਸਾਲ ਤਕ ਦੀ ਉਮਰ ਦੇ ਵੈਟਰਨ ਖਿਡਾਰੀਆਂ ਨੇ ਹਿੱਸਾ ਲਿਆ। ਮੁੱਖ ਮਹਿਮਾਨ ਚਾਂਸਲਰ ਸਿੱਧੂ ਨੇ ਸਾਨੂੰ ਆਏ ਖਿਡਾਰੀਆਂ ਤੋਂ ਪ੍ਰੇਰਨਾ ਲੈ ਕੇ ਆਪਣੇ ਸਰੀਰ ਨੂੰ ਚੁਸਤ-ਤੰਦਰੁਸਤ ਰੱਖਣ ਚਾਹੀਦਾ ਹੈ। ਉਨ੍ਹਾਂ ਸਾਰਿਆਂ ਨੂੰ ਹਰ ਰੋਜ਼ ਕਸਰਤ ਕਰਨ ਦੀ ਸਲਾਹ ਦਿੱਤੀ। ਉਦਘਾਟਨੀ ਸਮਾਗਮ ਮੌਕੇ ਝੰਡਾ ਲਹਿਰਾਉਣ ਉਪੰਰਤ ਡਾ. ਧੀਮਾਨ ਨੇ ਤਜ਼ਰਬੇਕਾਰ ਐਥਲੀਟਾਂ ਦੀ ਵਚਨਬੱਧਤਾ ਅਤੇ ਉਤਸ਼ਾਹ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੀਕੇਯੂ ਵਿਦਿਆਰਥੀਆਂ ਨੂੰ ਸਰੀਰਕ ਤੌਰ ’ਤੇ ਤੰਦਰੁਸਤ, ਮਾਨਸਿਕ ਤੌਰ ’ਤੇ ਚੁਸਤ ਤੇ ਸੁਚੇਤ ਅਤੇ ਅਧਿਆਤਮਿਕ ਤੌਰ ਤੇ ਜਾਗ੍ਰਿਤ ਰਹਿਣ ਲਈ ਉਤਸ਼ਾਹਿਤ ਕਰਦੀ ਹੈ। ਉਨ੍ਹਾਂ ਵਰਸਿਟੀ ਵੱਲੋਂ ਤੀਰ-ਅੰਦਾਜ਼ੀ, ਮੁੱਕਬਾਜ਼ੀ, ਗਤਕੇ, ਐਥਲੈਟਿਕ ਆਦਿ ਖੇਡਾਂ ਵਿਚ ਵਰਸਿਟੀ ਦੇ ਖਿਡਾਰੀਆਂ ਵੱਲੋਂ ਕੀਤੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਵਿਸ਼ੇਸ਼ ਤੌਰ ’ਤੇ ਉਨ੍ਹਾਂ ਵਰਸਿਟੀ ਖਿਡਾਰੀਆਂ ਵੱਲੋਂ “ਖੇਲੋ ਇੰਡੀਆ” ਖੇਡਾਂ ਵਿਚ ਸਾਰੇ ਭਾਰਤ ਵਿੱਚੋਂ ਹਾਸਿਲ ਕੀਤੇ ਪੰਜਵੇਂ ਸਥਾਨ ਦੀ ਪ੍ਰਸ਼ੰਸਾ ਕੀਤੀ। ਚੈਪੀਅਨਸ਼ਿਪ ਬਾਰੇ ਡੀਨ (ਡਾ.) ਰਵੀ ਗਹਿਲਾਵਤ ਤੇ ਬਲਵਿੰਦਰ ਸਿੰਘ ਨੰਬਰਦਾਰ, ਪ੍ਰਧਾਨ ਮਿਲਖਾ ਸਿੰਘ ਵੈਟਰਨ ਐਥਲੈਟਿਕ ਕਲੱਬ ਬਠਿੰਡਾ ਨੇ ਦੱਸਿਆ ਕਿ ਚੈਪੀਅਨਸ਼ਿਪ ਵਿਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ 800 ਤੋਂ ਜ਼ਿਆਦਾ ਖਿਡਾਰੀਆਂ ਨੇ 13 ਟਰੈਕ ਅਤੇ 8 ਫੀਲਡ ਸਮਾਗਮਾਂ ਵਿਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਕਰਵਾਈ। ਚੈਪੀਅਨਸ਼ਿਪ ਵਿੱਚ 450 ਸੋਨ, 410 ਚਾਂਦੀ ਅਤੇ 350 ਕਾਂਸੇ ਦੇ ਤਗਮੇ ਜਿੱਤੇ ਗਏ। ਚੈਪੀਅਨਸ਼ਿਪ ਦੇ ਸਮਾਪਨ ਮੌਕੇ ਦਰਸ਼ਕਾਂ ਤੇ ਮਹਿਮਾਨਾਂ ਨੇ ਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਨਿਰਦੇਸ਼ਕ ਯੁਵਾ ਤੇ ਸੱਭਿਆਚਾਰਕ ਮਾਮਲੇ ਡਾ. ਕੰਵਲਜੀਤ ਕੌਰ ਦੇ ਨਿਰਦੇਸ਼ਨ ਹੇਠ ਪੇਸ਼ ਕੀਤੇ ਗਏ ਲੋਕ-ਨਾਚ ਭੰਗੜੇ ਅਤੇ ਗਿੱਧੇ ਨਾਲ ਪੰਜਾਬ ਦੀ ਅਮੀਰ, ਸੱਭਿਆਚਾਰਕ ਵਿਰਾਸਤ ਦਾ ਜਸ਼ਨ ਮਨਾਇਆ।