ਬਠਿੰਡਾ ’ਚ ਨਕਦੀ, ਐੱਲਈਡੀ ਤੇ ਮੋਟਰਸਾਈਕਲ ਚੋਰੀ, ਕੇਸ ਦਰਜ
ਬਠਿੰਡਾ ਵਿਚ ਚੋਰੀਆਂ ਦਾ ਸਿਲਸਿਲਾ ਜਾਰੀ, ਨਕਦੀ, ਐਲਈਡੀ ਤੇ ਮੋਟਰਸਾਈਕਲ ਚੋਰੀ
Publish Date: Wed, 18 Mar 2026 05:14 PM (IST)
Updated Date: Thu, 19 Mar 2026 04:04 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ’ਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਜ਼ਿਲ੍ਹਾ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ‘ਤੇ ਹੋਈਆਂ ਚੋਰੀਆਂ ਦੇ ਮਾਮਲਿਆਂ ਵਿਚ ਕੁਝ ਨਾਮਜ਼ਦ ਤੇ ਕਈ ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਕੈਨਾਲ ਕਾਲੋਨੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ’ਚ ਜਰਨੈਲ ਸਿੰਘ ਵਾਸੀ ਸੰਗੂਆਣਾ ਬਸਤੀ ਨੇ ਦੱਸਿਆ ਕਿ 14 ਮਾਰਚ ਨੂੰ ਅਵਤਾਰ ਸਿੰਘ ਵਾਸੀ ਸੰਗੂਆਣਾ ਬਸਤੀ ਤੇ ਇੰਦਰਜੀਤ ਸਿੰਘ ਵਾਸੀ ਅਮਰਪੁਰਾ ਬਸਤੀ ਨੇ ਉਸਦੇ ਘਰ ਵਿਚ ਦਾਖਲ ਹੋ ਕੇ ਅਲਮਾਰੀ ਵਿਚ ਰੱਖੇ ਲਗਭਗ 15 ਹਜ਼ਾਰ ਰੁਪਏ ਨਕਦੀ ਅਤੇ 32 ਇੰਚ ਦਾ ਐਲਈਡੀ ਚੋਰੀ ਕਰ ਲਈ। ਪੁਲਿਸ ਅਨੁਸਾਰ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਦੋਸ਼ੀਆਂ ਦੀ ਪਛਾਣ ਕਰ ਲਈ ਹੈ, ਪਰ ਅਜੇ ਤਕ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਇਕ ਹੋਰ ਮਾਮਲੇ ਵਿਚ ਥਾਣਾ ਥਰਮਲ ਪੁਲਿਸ ਨੇ ਇੰਡਸ ਟਾਵਰ ਤੋਂ ਕੀਮਤੀ ਸਾਮਾਨ ਚੋਰੀ ਹੋਣ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ’ਚ ਨਵੂ ਕੁਮਾਰ, ਸਿਕਿਊਰਟੀ ਸੁਪਰਵਾਈਜ਼ਰ ਬੀਐਸ ਸੋਲਿਊਸ਼ਨਜ਼ ਪ੍ਰਾਈਵੇਟ ਲਿਮਿਟਡ, ਮੋਹਾਲੀ ਨੇ ਦੱਸਿਆ ਕਿ ਆਦਰਸ਼ ਨਗਰ ਬਠਿੰਡਾ ਸਥਿਤ ਮੋਬਾਈਲ ਟਾਵਰ ਤੋਂ ਏਅਰਟੇਲ ਬੀਬੀਯੂ ਕਾਰਡ ਤੇ ਸੈਮਸੰਗ ਕੰਪਨੀ ਦੇ ਉਪਕਰਨ ਚੋਰੀ ਕਰ ਲਏ ਗਏ। ਥਾਣਾ ਕੈਂਟ ਪੁਲਿਸ ਨੇ ਬੀਬੀ ਵਾਲਾ ਰੋਡ ਤੋਂ ਮੋਟਰਸਾਈਕਲ ਚੋਰੀ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ’ਚ ਅਵਤਾਰ ਸਿੰਘ ਵਾਸੀ ਹੰਸ ਨਗਰ ਨੇ ਦੱਸਿਆ ਕਿ ਉਹ ਆਪਣੇ ਕਿਸੇ ਕੰਮ ਸਬੰਧੀ ਬੀਬੀ ਵਾਲਾ ਰੋਡ ਗਿਆ ਸੀ, ਜਿੱਥੋਂ ਉਸਦਾ ਮੋਟਰਸਾਈਕਲ ਚੋਰੀ ਹੋ ਗਿਆ। ਪੁਲਿਸ ਵੱਲੋਂ ਉਕਤ ਮਾਮਲਿਆਂ ਵਿਚ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।