ਸੇਂਟ ਜ਼ੇਵੀਅਰਜ ਸਕੂਲ ’ਚ ਕਰਵਾਇਆ ਇਨਾਮ ਵੰਡ ਸਮਾਗਮ
ਸੇਂਟ ਜ਼ੇਵੀਅਰਜ ਸਕੂਲ ਵਿਚ ਇਨਾਮ ਵੰਡ ਸਮਾਰੋਹ ਕਰਵਾਇਆ
Publish Date: Wed, 18 Mar 2026 05:05 PM (IST)
Updated Date: Thu, 19 Mar 2026 04:04 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਸੇਂਟ ਜ਼ੇਵੀਅਰਜ ਸਕੂਲ ਵਿਚ ਜੂਨੀਅਰ ਵਰਗ ਦੇ ਵਿਦਿਆਰਥੀਆਂ ਲਈ ਇਨਾਮ ਵੰਡ ਸਮਾਗਮ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਸਮਾਰੋਹ ਦੀ ਪ੍ਰਧਾਨਗੀ ਮੈਨੇਜਰ ਫਾਦਰ ਆਂਦਰੇ ਫਰਨਾਂਡਿਜ ਤੇ ਪ੍ਰਿੰਸੀਪਲ ਫਾਦਰ ਯੂਲਾਲੀਓ ਫਰਨਾਂਡਿਜ ਨੇ ਕੀਤੀ, ਜਦਕਿ ਮੁੱਖ ਮਹਿਮਾਨ ਵਜੋਂ ਫਾਦਰ ਪਾਸ਼ਾਓ ਗੋਨਸਲਵਿਸ ਤੇ ਫਾਦਰ ਮਥਾਇਅਸ ਸ਼ਾਮਲ ਹੋਏ। ਇਸ ਮੌਕੇ ਸਾਲ ਭਰ ਦੌਰਾਨ ਵੱਖ-ਵੱਖ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨੰਨ੍ਹੇ ਵਿਦਿਆਰਥੀਆਂ ਨੂੰ ਟਰਾਫ਼ੀਆਂ, ਸੋਨੇ, ਚਾਂਦੀ ਤੇ ਕਾਂਸੇ ਦੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਕੁੱਲ 43 ਵਿਦਿਆਰਥੀਆਂ ਨੂੰ ਸੋਨੇ ਦੇ, 25 ਨੂੰ ਚਾਂਦੀ ਦੇ ਅਤੇ 25 ਨੂੰ ਕਾਸੇ ਦੇ ਮੈਡਲ ਦਿੱਤੇ। ਇਸ ਤੋਂ ਇਲਾਵਾ 9 ਵਿਦਿਆਰਥੀਆਂ ਨੂੰ ‘ਯੰਗ ਚੈਂਪੀਅਨ’, 13 ਨੂੰ ‘ਯੰਗ ਐਕਸਪਲੋਰਰ’ ਅਤੇ 16 ਨੂੰ ‘ਯੰਗ ਅਚੀਵਰ’ ਐਵਾਰਡ ਨਾਲ ਨਵਾਜਿਆ ਗਿਆ। ਮੁੱਖ ਮਹਿਮਾਨ ਫਾਦਰ ਪਾਸ਼ਾਓ ਗੋਨਸਲਵਿਸ ਨੇ ਆਪਣੇ ਪ੍ਰੇਰਨਾਦਾਇਕ ਸੰਬੋਧਨ ਰਾਹੀਂ ਵਿਦਿਆਰਥੀਆਂ ਦਾ ਹੌਂਸਲਾ ਵਧਾਇਆ ਤੇ ਸਕੂਲ ਪ੍ਰਬੰਧਕਾਂ ਦੇ ਉਪਰਾਲਿਆਂ ਦੀ ਸਰਾਹਨਾ ਕੀਤੀ। ਮੈਨੇਜਰ ਫਾਦਰ ਆਂਦਰੇ ਫਰਨਾਂਡਿਜ ਨੇ ਇਨਾਮ ਜੇਤੂਆਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਉੱਚੀਆਂ ਮੰਜਿਲਾਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਨਰਸਰੀ, ਐੱਲਕੇਜੀ ਤੇ ਯੂਕੇਜੀ ਦੇ ਵਿਦਿਆਰਥੀਆਂ ਲਈ ਮੁਕਾਬਲਿਆਂ ਦੇ ਆਯੋਜਨ ਵਿਚ ਕੋਆਰਡੀਨੇਟਰ ਪ੍ਰੇਮ ਲਤਾ ਅਤੇ ਅੰਜੂ ਬਾਲਾ ਦਾ ਵਿਸ਼ੇਸ਼ ਯੋਗਦਾਨ ਰਿਹਾ, ਜਦਕਿ ਖੇਡ ਗਤੀਵਿਧੀਆਂ ਖੇਡ ਅਧਿਆਪਕ ਗੁਰਪਿੰਦਰ ਸਿੰਘ ਭੁੱਲਰ ਵੱਲੋਂ ਕਰਵਾਈਆਂ ਗਈਆਂ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਵੀ ਮੌਜੂਦ ਸੀ।