ਆਕਸਫੋਰਡ ਦੇ ਵਿਦਿਆਰਥੀਆਂ ਨੇ ਨਾਟਕ ਰਾਹੀ ਕੀਤਾ ਜਾਗਰੂਕ
ਆਕਸਫੋਰਡ ਦੇ ਵਿਦਿਆਰਥੀਆਂ ਨੇ ਨਾਟਕ ਰਾਹੀ ਜਾਗਰੂਕ ਕੀਤਾ
Publish Date: Wed, 18 Mar 2026 05:03 PM (IST)
Updated Date: Thu, 19 Mar 2026 04:04 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਦਿ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈਕਾ ਸਿੱਖਿਆ ਅਤੇ ਅਨੁਸ਼ਾਸਨ ਦਾ ਇਕ ਉੱਤਮ ਕੇਂਦਰ ਹੈ। ਇੱਥੇ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਆਕਸਫੋਰਡ ਸਕੂਲ ਇਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ ਜੋ ਹਰ ਖੇਤਰ ਵਿੱਚ ਦਿਨ ਪ੍ਰਤੀ ਦਿਨ ਮੱਲਾਂ ਮਾਰ ਰਹੀ ਹੈ। ਇਹ ਸੰਸਥਾ ਸਿਰਫ ਵਿੱਦਿਅਕ ਖੇਤਰ ਵਿੱਚ ਹੀ ਅੱਗੇ ਨਹੀਂ ਸਗੋਂ ਸਮਾਜ ਨੂੰ ਸਮੇਂ-ਸਮੇਂ ਤੇ ਵੱਖ-ਵੱਖ ਸਰਗਰਮੀਆਂ ਰਾਹੀਂ ਸੇਧ ਦੇਣ ਵਿਚ ਵੀ ਮੋਹਰੀ ਹੈ। ਇਹ ਸੰਸਥਾ ਸਮੇਂ-ਸਮੇਂ ’ਤੇ ਅਜਿਹੇ ਮੌਕੇ ਪੈਦਾ ਕਰਦੀ ਹੈ ਜੋ ਸਾਡੇ ਸਮਾਜ ਦੀ ਅਗਵਾਈ ਕਰਨ ਵਿਚ ਬੇਹੱਦ ਲਾਹੇਵੰਦ ਸਾਬਤ ਹੁੰਦੇ ਹਨ। ਇਸ ਸੰਸਥਾ ਦੇ ਯੂਥ ਕਲੱਬ ਦੇ ਵਿਦਿਆਰਥੀਆਂ ਵੱਲੋਂ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਉਜਾਗਰ ਕਰਦਾ ਇੱਕ ਨੁੱਕੜ ਨਾਟਕ ਬਜ਼ੁਰਗਾਂ ਦਾ ਸਤਿਕਾਰ ਪੇਸ਼ ਕੀਤਾ ਗਿਆ। ਇਹ ਨਾਟਕ ਭਦੌੜ, ਦਿਆਲਪੁਰਾ ਭਾਈਕਾ ਤੇ ਸੁਰਜੀਤਪੁਰਾ ਵਿਖੇ ਪੇਸ਼ ਕੀਤਾ ਗਿਆ। ਇਸ ਨੁੱਕੜ ਨਾਟਕ ਰਾਹੀਂ ਵਿਦਿਆਰਥੀਆਂ ਨੇ ਸਮਾਜ ਨੂੰ ਬਜ਼ੁਰਗਾਂ ਦਾ ਸਤਿਕਾਰ ਕਰਨ, ਉਹਨਾਂ ਦੀ ਦੇਖਭਾਲ ਕਰਨ, ਉਨ੍ਹਾਂ ਦੀਆਂ ਲੋੜਾਂ ਦਾ ਧਿਆਨ ਰੱਖਣ ਤਾਂ ਜੋ ਸਾਡੇ ਬਜ਼ੁਰਗ ਧੀਆਂ-ਪੁੱਤਰਾਂ ਦੇ ਹੁੰਦੇ ਹੋਏ ਵੀ ਬਿਰਧ ਆਸ਼ਰਮ ਦਾ ਹਿੱਸਾ ਨਾ ਬਣਕੇ ਸਾਡੇ ਸਮਾਜ ਅਤੇ ਘਰਾਂ ਦੀ ਸ਼ਾਨ ਬਣਨ। ਇਸ ਦੇ ਨਾਲ-ਨਾਲ ਧੀਆਂ ਲਈ ਵੀ ਸਤਿਕਾਰ ਦੀ ਮੰਗ ਕਰਦਿਆਂ ਇਸ ਨਾਟਕ ਰਾਹੀਂ ਸੁਨੇਹਾ ਦਿੱਤਾ ਗਿਆ ਕਿ ਧੀਆਂ ਸਾਡੀ ਧਿਰ ਹੁੰਦੀਆਂ ਹਨ। ਇਸ ਨਾਟਕ ਰਾਹੀਂ ਬੱਚਿਆਂ ਨੇ ਵਾਤਾਵਰਣ ਪ੍ਰਤੀ ਚਿੰਤਾ ਪ੍ਰਗਟਾਉਂਦਿਆਂ ਪਾਣੀ ਬਚਾਉਣ, ਰੁੱਖ ਨਾ ਵੱਢਣ, ਸਪਰੇਆਂ ਦੀ ਵਰਤੋਂ ਨਾ ਕਰਨ ਦਾ ਸੁਨੇਹਾ ਵੀ ਦਿੱਤਾ। ਇਸ ਨਾਟਕ ਨੂੰ ਸਾਰੇ ਥਾਵਾਂ ’ਤੇ ਭਰਵਾਂ ਹੁੰਗਾਰਾ ਮਿਲਿਆ। ਇਸ ਸਬੰਧੀ ਦਰਸ਼ਕਾਂ ਵੱਲੋਂ ਵੀ ਆਪਣੇ ਅਨਮੋਲ ਵਿਚਾਰ ਪੇਸ਼ ਕੀਤੇ ਗਏ। ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆ ਕਿਹਾ ਕਿ ਅੱਜ ਸੱਚਮੁੱਚ ਹੀ ਸਮਾਜ ਨੂੰ ਅਜਿਹੀਆਂ ਸਿੱਖਿਆਵਾਂ ਦੀ ਜ਼ਰੂਰਤ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਇਹ ਸਿੱਖਿਆਵਾਂ ਉਮਰ ਭਰ ਲਈ ਪੱਲੇ ਬੰਨਣ ਦਾ ਸੁਨੇਹਾ ਦਿੱਤਾ। ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ ਵਾਈਸ ਚੇਅਰਮੈਨ, ਗੁਰਮੀਤ ਸਿੰਘ ਗਿੱਲ ਸਰਪੰਚ ਵਿੱਤ-ਸਕੱਤਰ ਨੇ ਵੀ ਇਸ ਨਾਟਕ ਦੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ।