ਧੋਖਾਧੜੀ ਦੇ ਮਾਮਲੇ ’ਚ ਇਕ ਵਿਅਕਤੀ ਖ਼ਿਲਾਫ਼ ਕੇਸ
ਧੋਖਾਧੜੀ ਕਰਨ ਦੇ ਮਾਮਲੇ ਵਿਚ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ
Publish Date: Wed, 18 Mar 2026 04:56 PM (IST)
Updated Date: Thu, 19 Mar 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਨੇਹੀਆਂਵਾਲਾ ਪੁਲਿਸ ਨੇ ਧੋਖਾਧੜੀ ਦੇ ਇਕ ਮਾਮਲੇ ਵਿਚ ਇਕ ਵਿਅਕਤੀ ਖ਼ਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ’ਚ ਸਾਹਿਲ ਜਿੰਦਲ ਵਾਸੀ ਓਮੈਕਸ ਸਿਟੀ ਗੋਨਿਆਣਾ ਮੰਡੀ ਨੇ ਦੱਸਿਆ ਕਿ ਉਹ ਪਰਾਲੀ ਦੀਆਂ ਗੰਢਾਂ (ਬੇਲ) ਬਣਾਉਣ ਦਾ ਕੰਮ ਕਰਦਾ ਹੈ। ਉਸ ਨੇ ਲਵਪ੍ਰੀਤ ਸਿੰਘ ਵਾਸੀ ਕੋਠੇ ਢਿਲਵਾਂ ਵਾਲੇ, ਕੋਟਭਾਈ (ਸ੍ਰੀ ਮੁਕਤਸਰ ਸਾਹਿਬ) ਨੂੰ ਆਪਣੇ ਕੋਲ ਡਰਾਈਵਰ ਵਜੋਂ ਰੱਖਿਆ ਹੋਇਆ ਸੀ, ਜੋ ਕਈ ਸਾਲਾਂ ਤੋਂ ਉਸਦੇ ਨਾਲ ਕੰਮ ਕਰ ਰਿਹਾ ਸੀ ਤੇ ਸਾਮਾਨ ਦੇ ਲੈਣ-ਦੇਣ ਦਾ ਹਿਸਾਬ ਵੀ ਰੱਖਦਾ ਸੀ। ਉਸ ਨੇ ਦੱਸਿਆ ਕਿ ਉਕਤ ਦੋਸ਼ੀ ਨੇ ਦੋ ਬੇਲਰ, ਇਕ ਰੈਕ (ਪਰਾਲੀ ਇਕੱਠੀ ਕਰਨ ਵਾਲੀ ਮਸ਼ੀਨ), ਦੋ ਟਰਾਲੇ ਅਤੇ ਗਾਂਠਾਂ ਬੰਨ੍ਹਣ ਵਾਲਾ ਧਾਗਾ (ਕੁੱਲ ਭਾਰ 1710.42 ਕਿਲੋਗ੍ਰਾਮ) ਵਾਪਸ ਨਹੀਂ ਕੀਤਾ। ਉਕਤ ਸਾਮਾਨ ਦੀ ਕੀਮਤ ਲਗਭਗ 22 ਲੱਖ ਰੁਪਏ ਦੱਸੀ ਜਾ ਰਹੀ ਹੈ। ਜਦੋਂ ਦੋਸ਼ੀ ਤੋਂ ਹਿਸਾਬ ਮੰਗਿਆ ਗਿਆ ਤਾਂ ਉਹ ਟਾਲਮਟੋਲ ਕਰਨ ਲੱਗ ਪਿਆ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਹਾਲਾਂਕਿ ਅਜੇ ਤਕ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।