ਪੀਆਰਟੀਸੀ ਦੇ ਮੁਲਾਜ਼ਮਾਂ ਨੇ ਕੀਤੀ ਗੇਟ ਰੈਲੀ
ਪੀਆਰਟੀਸੀ ਕਰਮਚਾਰੀਆਂ ਨੇ ਗੇਟ ਰੈਲੀ ਕੀਤੀ
Publish Date: Wed, 18 Mar 2026 04:42 PM (IST)
Updated Date: Thu, 19 Mar 2026 04:04 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੀਆਰਟੀਸੀ ਹੈਡ ਆਫਿਸ ਦੀ ਐਕਸ਼ਨ ਕਮੇਟੀ ਦੇ ਸੱਦੇ ’ਤੇ ਬੁੱਧਵਾਰ ਨੂੰ ਪੀਆਰਟੀਸੀ ਡਿਪੂ ਬਠਿੰਡਾ ਦੇ ਗੇਟ ਸਾਹਮਣੇ ਕਰਮਚਾਰੀਆਂ ਵੱਲੋਂ ਆਪਣੀਆਂ ਭੱਖਦੀਆਂ ਮੰਗਾਂ ਸਬੰਧੀ ਗੇਟ ਰੈਲੀ ਕੀਤੀ ਗਈ। ਇਸ ਰੈਲੀ ਵਿਚ ਵੱਡੀ ਗਿਣਤੀ ਵਿਚ ਵਰਕਰਾਂ ਨੇ ਹਿੱਸਾ ਲਿਆ ਤੇ ਪੰਜਾਬ ਸਰਕਾਰ ਤੇ ਪੀਆਰਟੀਸੀ ਮੈਨੇਜਮੈਂਟ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਰੈਲੀ ਦੌਰਾਨ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਤਨਖਾਹ ਅਤੇ ਪੈਨਸ਼ਨ ਸਮੇਂ ਸਿਰ ਨਾ ਮਿਲਣ, ਨਵੀਆਂ ਬੱਸਾਂ ਦੀ ਘਾਟ, ਕੱਚੇ ਕਰਮਚਾਰੀਆਂ ਨੂੰ ਪੱਕਾ ਨਾ ਕਰਨ, ਲੰਮੇ ਸਮੇਂ ਤੋਂ ਬਕਾਇਆ ਰਕਮਾਂ ਨਾ ਦੇਣ, ਡੀਏ ਦੀ ਕਿਸ਼ਤ ਜਾਰੀ ਨਾ ਕਰਨ ਤੇ ਮੁਫ਼ਤ ਬੱਸ ਸਫ਼ਰ ਦੇ ਬਕਾਏ ਨਾ ਚੁਕਾਉਣ ਵਰਗੇ ਮੁੱਦੇ ਉਠਾਏ। ਇਸ ਤੋਂ ਇਲਾਵਾ ਉਨ੍ਹਾਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਦੇ ਫੈਸਲੇ ਵੀ ਲਾਗੂ ਨਹੀਂ ਕੀਤੇ ਜਾ ਰਹੇ। ਇਸ ਦੌਰਾਨ ਅਹੁਦੇਦਾਰਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੰਗਾਂ ਜਲਦੀ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਨੇ ਸਾਰੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ 20 ਮਾਰਚ 2026 ਨੂੰ ਪਟਿਆਲਾ ਦੇ ਨਵੇਂ ਬੱਸ ਅੱਡੇ ‘ਤੇ ਹੋਣ ਵਾਲੇ ਧਰਨੇ ਵਿਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ। ਰੈਲੀ ਨੂੰ ਸੇਵਾਮੁਕਤ ਭਾਈਚਾਰੇ ਦੇ ਪ੍ਰਧਾਨ ਨਛੱਤਰ ਸਿੰਘ, ਇੰਟਕ ਦੇ ਪ੍ਰਧਾਨ ਗੰਡਾ ਸਿੰਘ, ਕਰਮਚਾਰੀ ਦਲ ਦੇ ਪ੍ਰਧਾਨ ਸੁਖਜਿੰਦਰ ਸਿੰਘ, ਐੱਸਸੀ/ਬੀਸੀ ਵਰਗ ਦੇ ਪ੍ਰਧਾਨ ਹਰਿਮੰਦਰ ਸਿੰਘ ਪਥਰਾਲਾ, ਏਟਕ ਦੇ ਪ੍ਰਧਾਨ ਸੂਰਜ ਸਿੰਘ ਅਤੇ ਸੀਟੂ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਸੰਬੋਧਨ ਕੀਤਾ।