ਗੁਰੂ ਕਾਸ਼ੀ ’ਵਰਸਿਟੀ ’ਚ ਕਰਵਾਇਆ ‘‘ਗਿਆਨ ਜੋਤਿ” ਸਮਾਗਮ
ਅਧਿਆਪਕਾਂ ਦੇ ਸਨਮਾਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ “ ਗਿਆਨ ਜੋਤਿ ” ਸਮਾਰੋਹ ਕਰਵਾਇਆ
Publish Date: Tue, 17 Mar 2026 06:44 PM (IST)
Updated Date: Wed, 18 Mar 2026 04:11 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਵਿੱਦਿਆ ਤੇ ਕਲਾ ਦੇ ਪਸਾਰ ਲਈ ਯਤਨਸ਼ੀਲ ਸ਼ਖਸੀਅਤਾਂ, ਅਧਿਆਪਕਾਂ ਅਤੇ ਕਲਾਕਾਰਾਂ ਦੇ ਸਨਮਾਨ ਲਈ “ਗਿਆਨ ਜੋਤਿ” ਸਮਾਰੋਹ ਕਰਵਾਇਆ ਗਿਆ । ਇਸ ਮੌਕੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਜਦਕਿ ਕਾਰਜਕਾਰੀ ਉਪ-ਕੁਲਪਤੀ ਪ੍ਰੋ.(ਡਾ.) ਜਗਤਾਰ ਸਿੰਘ ਧੀਮਾਨ ਅਤੇ ਸਿਵਿਲ ਸਰਵਿਸ ਪ੍ਰੀਖਿਆ 2026 ਵਿਚ 136ਵਾਂ ਸਥਾਨ ਹਾਸਲ ਕਰਨ ਵਾਲੀ ਬੀਬਾ ਮਨਪ੍ਰੀਤ ਕੌਰ ਨੇ ਸਨਮਾਨਿਤ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਰੋਹ ਵਿਚ ਪ੍ਰੋ.ਵਾਈਸ ਚਾਂਸਲਰ ਡਾ.ਪੀਯੂਸ਼ ਵਰਮਾ, ਡੀਨ ਅਕਾਦਮਿਕ ਡਾ. ਜਾਵੇਦ ਅਹਿਮਦ ਖਾਨ ਵੱਖ-ਵੱਖ ਵਿਭਾਗਾਂ ਦੇ ਡੀਨ, 50 ਤੋਂ ਵੱਧ ਸਕੂਲਾਂ ਦੇ ਪ੍ਰਬੰਧਕੀ ਮੈਬਰਾਂ, ਵੱਖ- ਵੱਖ ਵਿੱਦਿਅਕ ਸੰਸਥਾਵਾਂ ਦੇ ਪ੍ਰਿੰਸੀਪਲ ਅਤੇ ਲਗਭਗ 300 ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਚਾਂਸਲਰ ਸਿੱਧੂ ਨੇ ਕਿਹਾ ਕਿ ਸਿੱਖਿਆ ਵਿਚ ਆ ਰਹੇ ਬਦਲਾਵਾਂ ਕਾਰਨ ਸਾਨੂੰ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਪੱਧਤੀਆਂ ਨਾਲ ਜੋੜਨਾ ਪਵੇਗਾ ਤੇ ਉਨ੍ਹਾਂ ਨਾਲ ਸੰਵਾਦ ਸਥਾਪਿਤ ਕਰਨਾ ਹੋਵੇਗਾ। ਇਥੇ 17 ਦੇਸ਼ਾਂ ਅਤੇ ਭਾਰਤ ਦੇ 22 ਰਾਜਾਂ ਦੇ ਵਿਦਿਆਰਥੀ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਦੁਨਿਆਵੀ ਸਿੱਖਿਆ “ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ” ਵੀ ਹਾਸਲ ਕਰ ਰਹੇ ਹਨ ਅਤੇ ਇਸ ਨੂੰ ਅਸਲ ਜ਼ਿੰਦਗੀ ਵਿਚ ਵੀ ਢਾਲ ਰਹੇ ਹਨ। ਉਨ੍ਹਾਂ ਮਾਨਸਾ ਦੀ ਧੀ ਮਨਪ੍ਰੀਤ ਕੌਰ ਜਿਸਨੇ ਸਿਵਲ ਸਰਵਿਸ ਵਿਚ ਕਾਮਯਾਬੀ ਪ੍ਰਾਪਤ ਕੀਤੀ ਹੈ, ਦੀ ਉਦਾਹਰਨ ਦਿੰਦਿਆਂ ਕਿਹਾ ਪ੍ਰਾਪਤੀਆਂ ਨਿੱਜ ਉਦਮ ਦੇ ਲੱਗਣ ਨਾਲ ਹੁੰਦੀਆਂ ਹਨ ਨਾ ਕਿ ਪਰਿਵਾਰਿਕ ਅਮੀਰੀ ਜਾ ਇਲਾਕੇ ਦੀ ਖੁਸ਼ਹਾਲੀ ਨਾਲ । ਵਾਈਸ ਚਾਂਸਲਰ ਡਾ.ਧੀਮਾਨ ਨੇ “ ਗਿਆਨ ਜੋਤਿ” ਸਮਾਰੋਹ ਦੀ ਮਹੱਤਤਾ ਅਤੇ ਮਕਸਦ ਦੀ ਗੱਲ ਕਰਦਿਆਂ ਕਿਹਾ ਕਿ ਦੇਸ਼ ਅਤੇ ਨਿੱਗਰ ਸਮਾਜ ਦੇ ਨਿਰਮਾਣ ਵਿਚ ਅਧਿਆਪਕਾਂ ਦਾ ਵੱਡਾ ਯੋਗਦਾਨ ਹੁੰਦਾ ਹੈ ਕਿਉਂਕਿ ਦੇਸ਼ ਦਾ ਭਵਿੱਖ ਨੌਜਵਾਨ ਵਰਗ ਇਨ੍ਹਾਂ ਤੋਂ ਸਿੱਖਿਆ ਹਾਸਲ ਕਰਦਾ ਹੈ। ਉਨ੍ਹਾਂ ਵਰਸਿਟੀ ਵੱਲੋਂ ਹਰ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਬਾਰੇ ਵੀ ਚਾਨਣਾ ਪਾਇਆ। ਬੀਬਾ ਮਨਪ੍ਰੀਤ ਕੌਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਲਗਨ ਅਤੇ ਮਿਹਨਤ ਨਾਲ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਇਸ ਮੌਕੇ ਪ੍ਰਬੰਧਕਾਂ ਵੱਲੋ ਮਨਪ੍ਰੀਤ ਕੌਰ ਅਤੇ ਉਨ੍ਹਾਂ ਦੇ ਮਾਪਿਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਰੋਹ ਵਿਚ ਡਾਇਰੈਕਟਰ ਦਾਖ਼ਲੇ ਡਾ. ਗੁਰਪ੍ਰੀਤ ਸਿੰਘ ਨੇ ਵਰਸਿਟੀ ਵਿਖੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਵਜ਼ੀਫਿਆਂ ਅਤੇ ਚੱਲ ਰਹੇ ਪ੍ਰੋਗਰਾਮਾਂ ਬਾਰੇ ਵਿਸਥਾਰ ਪੂਰਵਕ ਦੱਸਿਆ। ਇਸ ਮੌਕੇ ਡਾਇਰੈਕਟਰ ਯੁਵਾ ਅਤੇ ਸੱਭਿਆਚਾਰਕ ਮਾਮਲੇ ਡਾ. ਕੰਵਲਜੀਤ ਕੌਰ ਦੇ ਨਿਰਦੇਸ਼ਨ ਹੇਠ ਪੇਸ਼ ਕੀਤੇ ਰੰਗਾਂ-ਰੰਗ ਪ੍ਰੋਗਰਾਮ ਨੇ ਦਰਸ਼ਕਾਂ ਦੀ ਖੂਬ ਵਾਹ-ਵਾਹ ਖੱਟੀ। ਪ੍ਰੋਗਰਾਮ ਵਿਚ ਦੇਸ਼ ਦੇ ਸਮੁੱਚੇ ਪ੍ਰਦੇਸ਼ਾਂ ਦੀਆਂ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਪ੍ਰਬੰਧਕਾਂ ਵੱਲੋਂ ਸਿੱਖਿਆ ਅਦਾਰਿਆਂ ਦੇ ਪ੍ਰਬੰਧਕਾਂ, ਪ੍ਰਿੰਸੀਪਲਾਂ ਅਤੇ ਹਾਜ਼ਰ ਅਧਿਆਪਕਾਂ ਨੂੰ ਸਰਟੀਫਿਕੇਟ ਅਤੇ ਸਮ੍ਰਿਤੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।