ਕੇਂਦਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਜਿੱਤੇ ਕਈ ਸਨਮਾਨ
ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਜਿੱਤੇ ਕਈ ਸਨਮਾਨ
Publish Date: Tue, 17 Mar 2026 05:56 PM (IST)
Updated Date: Wed, 18 Mar 2026 04:10 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਵਿਦਿਆਰਥੀਆਂ ਨੇ ਚੇਨਈ ਸਥਿਤ ਸਤਿਆਭਾਮਾ ਇੰਸਟੀਟਿਊਟ ਆਫ਼ ਸਾਇੰਸ ਐਂਡ ਟੈਕਨੋਲੋਜੀ ਵਿਚ ਕਰਵਾਏ 39ਵੇਂ ਏਆਈਯੂ ਅੰਤਰ-ਯੂਨੀਵਰਸਿਟੀ ਰਾਸ਼ਟਰੀ ਯੂਵਾ ਮਹੋਤਸਵ 2025–26 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਸੱਭਿਆਚਾਰਕ ਅਤੇ ਸਾਹਿਤਕ ਮੁਕਾਬਲਿਆਂ ਵਿਚ ਉੱਚ ਸਥਾਨ ਹਾਸਲ ਕਰਕੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ। ਯੂਨੀਵਰਸਿਟੀ ਦੀ ਟੀਮ ਨੇ ਵੱਖ-ਵੱਖ ਸੱਭਿਆਚਾਰਕ ਅਤੇ ਸਾਹਿਤਕ ਮੁਕਾਬਲਿਆਂ ਵਿਚ ਪ੍ਰਦਰਸ਼ਨ ਕਰਦਿਆਂ ਇਕ ਪਹਿਲਾ ਸਥਾਨ, ਚਾਰ ਦੂਜੇ ਸਥਾਨ ਅਤੇ ਇਕ ਤੀਜਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥੀਆਂ ਨੇ ਹਿੰਦੀ ਐਲੋਕਿਊਸ਼ਨ ਵਿਚ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਅੰਗਰੇਜ਼ੀ ਐਲੋਕਿਊਸ਼ਨ, ਸਮੂਹ ਗਾਇਨ (ਭਾਰਤੀ), ਗ਼ਜ਼ਲ ਅਤੇ ਸਕਿਟ ਮੁਕਾਬਲਿਆਂ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਮਾਈਮ ਮੁਕਾਬਲੇ ਵਿਚ ਤੀਜਾ ਸਥਾਨ ਹਾਸਲ ਕੀਤਾ। ਯੂਨੀਵਰਸਿਟੀ ਦੇ ਸੱਭਿਆਚਾਰਕ ਸਮਨਵਯਕ ਡਾ. ਰਿਸ਼ਪਾਲ ਸਿੰਘ ਵਿਰਕ ਨੇ ਦੱਸਿਆ ਕਿ ਮਹੋਤਸਵ ਦੌਰਾਨ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਵੱਡੇ ਪੱਧਰ ‘ਤੇ ਸਰਾਹਨਾ ਕੀਤੀ ਗਈ। ਇਸ ਉਪਲਬਧੀ ‘ਤੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਰਗਦਰਸ਼ਕਾਂ ਨੂੰ ਵਧਾਈ ਦਿੰਦਿਆਂ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕਿਹਾ ਕਿ ਇਹ ਮਹੱਤਵਪੂਰਨ ਸਫਲਤਾ ਵਿਦਿਆਰਥੀਆਂ ਦੇ ਸਮੂਹਿਕ ਵਿਕਾਸ ਅਤੇ ਉਨ੍ਹਾਂ ਦੀ ਬਹੁਆਯਾਮੀ ਪ੍ਰਤਿਭਾ ਦੇ ਵਿਕਾਸ ਲਈ ਯੂਨੀਵਰਸਿਟੀ ਦੀ ਲਗਾਤਾਰ ਵਚਨਬੱਧਤਾ ਨੂੰ ਦਰਸਾਉਂਦੀ ਹੈ।