ਜਬਰ ਜਨਾਹ ਦੇ ਦੋਸ਼ੀ ਨੂੰ 7 ਸਾਲ ਦੀ ਸਜ਼ਾ
ਜਬਰਜਨਾਹ ਦੇ ਮਾਮਲੇ ’ਚ ਦੋਸ਼ੀ ਨੂੰ ਸੱਤ ਸਾਲ ਦੀ ਸਜ਼ਾ
Publish Date: Tue, 17 Mar 2026 05:05 PM (IST)
Updated Date: Wed, 18 Mar 2026 04:16 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਜ਼ਿਲ੍ਹਾ ਅਦਾਲਤ ਨੇ 13 ਸਾਲ ਪੁਰਾਣੇ ਜਬਰ ਜਨਾਹ ਦੇ ਮਾਮਲੇ ਵਿੱਚ ਦੋਸ਼ੀ ਕੱਪੜਾ ਵਪਾਰੀ ਸਤਪਾਲ ਗਰੋਵਰ ਨੂੰ ਸੱਤ ਸਾਲ ਬਾ-ਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ ਹੈ। ਥਾਣਾ ਕੋਤਵਾਲੀ ਇਲਾਕੇ ਵਿੱਚ ਰਹਿਣ ਵਾਲੀ ਹਿੰਦੀ ਦੀ ਇਕ ਅਧਿਆਪਿਕਾ ਨੇ ਜਨਵਰੀ 2013 ਵਿੱਚ ਜ਼ਹਿਰ ਨਿਗਲ ਕੇ ਖੁਦਕਸ਼ੀ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਪੀੜਤਾ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਤਾਂ ਉਸ ਦੀ ਗੰਭੀਰ ਹਾਲਤ ਦੇ ਮੱਦੇਨਜ਼ਰ ਉਸਨੂੰ ਅੱਗੇ ਪ੍ਰਾਈਵੇਟ ਹਸਪਤਾਲ ਲਈ ਰੈਫਰ ਕੀਤਾ ਗਿਆ ਸੀ। ਉਕਤ ਮਹਿਲਾ ਅਧਿਆਪਕ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਤੋਂ ਪਹਿਲਾਂ ਖ਼ੁਦਕੁਸ਼ੀ ਨੋਟ ਵੀ ਲਿਖਿਆ ਸੀ, ਜਿਹੜਾ ਪੁਲਿਸ ਨੇ ਬਰਾਮਦ ਕਰ ਲਿਆ ਸੀ। ਥਾਣਾ ਕੋਤਵਾਲੀ ਪੁਲਿਸ ਨੇ ਪੀੜਤਾ ਦੇ ਬਿਆਨ 'ਤੇ ਕੱਪੜਾ ਵਪਾਰੀ ਸਤਪਾਲ ਗਰੋਵਰ ਖਿਲਾਫ ਜਬਰ ਜਨਾਹ ਸਮੇਤ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਸੀ। ਮਾਮਲਾ ਦਰਜ ਹੋਣ ਤੋਂ ਕੁਝ ਸਮੇਂ ਬਾਅਦ ਹੀ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮਾਮਲੇ ਵਿੱਚ ਲੰਬੀ ਕਾਨੂੰਨੀ ਕਾਰਵਾਈ ਦੇ ਬਾਅਦ ਜ਼ਿਲ੍ਹਾ ਅਦਾਲਤ ਹੁਣੇ ਜਿਹੇ ਸਰਕਾਰੀ ਤੇ ਪੀੜਤ ਪੱਖ ਦੇ ਵਕੀਲ ਹਰਭੂਪਿੰਦਰ ਪਾਲ ਸਿੰਘ ਚੌਹਾਨ ਦੀਆਂ ਦਲੀਲਾਂ ਸੁਣਨ ਬਾਾਅਦ ਦੋਸ਼ੀ ਨੂੰ ਜਬਰ ਜਨਾਹ ਕਰਨ ਦੇ ਦੋਸ਼ ਹੇਠ ਸੱਤ ਸਾਲ ਦੀ ਬਾਮੁਸ਼ੱਕ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਪੀੜਤ ਮਹਿਲਾ ਅਧਿਆਪਕ ਨੇ ਦੋਸ਼ ਲਾਇਆ ਸੀ ਕਿ ਸਤਪਾਲ ਗਰੋਵਰ ਨਾਲ ਉਨ੍ਹਾਂ ਦੇ ਪਰਿਵਾਰ ਦੀ ਜਾਣ-ਪਛਾਣ ਸੀ, ਜਿਸ ਕਰਕੇ ਉਹ ਅਕਸਰ ਉਨ੍ਹਾਂ ਦੇ ਘਰ ਆਉਂਦਾ-ਜਾਂਦਾ ਸੀ। ਮਹਿਲਾ ਦੇ ਮੁਤਾਬਕ ਇਕ ਦਿਨ ਜਦੋਂ ਉਹ ਘਰ ਵਿੱਚ ਇਕੱਲੀ ਸੀ ਤਾਂ ਸਤਪਾਲ ਗਰੋਵਰ ਉਸਦੇ ਬੈੱਡਰੂਮ ’ਚ ਆ ਕੇ ਉਸ ਨਾਲ ਜ਼ਬਰਦਸਤੀ ਕਰਨ ਲੱਗ ਪਿਆ। ਇਸ ਦੌਰਾਨ ਜਦੋਂ ਉਸਦਾ ਪਤੀ ਤੇ ਭਰਾ ਮੌਕੇ 'ਤੇ ਪੁੱਜੇ ਤਾਂ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਇਸ ਘਟਨਾ ਤੋਂ ਬਾਅਦ ਮਹਿਲਾ ਨੇ ਖੁਦਕੁਸ਼ੀ ਕਰਨ ਦੀ ਨੀਅਤ ਨਾਲ ਜ਼ਹਿਰ ਨਿਗਲ ਲਿਆ ਸੀ।