- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਗਲੇ ਚਾਰ–ਪੰਜ ਦਿਨਾਂ ਵਿੱਚ ਗੜੇਮਾਰੀ ਅਤੇ ਤੇਜ਼ ਝੱਖੜ ਦੀ ਸੰਭਾਵਨਾ, ਕਣਕ ਦੀ ਪੱਕਣ ‘ਤੇ ਆਈ ਫਸਲ ਨੂੰ ਲੈ ਕੇ ਕਿਸਾਨ ਚਿੰਤਤ

-ਕਣਕ ਦੀ ਫ਼ਸਲ ਪੱਕਣ ਦੇ ਸਮੇਂ ਦੌਰਾਨ ਕਿਸਾਨ ਹੋਏ ਚਿੰਤਤ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਮਾਲਵਾ ਖੇਤਰ ਸਮੇਤ ਪੰਜਾਬ ਦੇ ਕਈ ਹਿੱਸਿਆਂ ’ਚ ਅਗਲੇ ਚਾਰ ਤੋਂ ਪੰਜ ਦਿਨਾਂ ਦੌਰਾਨ ਮੌਸਮ ਦੇ ਮਿਜ਼ਾਜ ਬਦਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਅਨੁਮਾਨ ਮੁਤਾਬਕ ਕੁਝ ਇਲਾਕਿਆਂ ’ਚ ਗੜੇਮਾਰੀ ਤੇ ਤੇਜ਼ ਝੱਖੜ ਆ ਸਕਦਾ ਹੈ। ਇਸ ਅਨੁਮਾਨ ਕਾਰਨ ਖਾਸ ਕਰਕੇ ਬਠਿੰਡਾ, ਮਾਨਸਾ ਤੇ ਆਲੇ-ਦੁਆਲੇ ਦੇ ਮਾਲਵਾ ਖੇਤਰਾਂ ਦੇ ਕਿਸਾਨਾਂ ’ਚ ਚਿੰਤਾ ਵਧ ਗਈ ਹੈ, ਕਿਉਂਕਿ ਇਸ ਸਮੇਂ ਕਣਕ ਦੀ ਫ਼ਸਲ ਪੱਕਣ ਦੇ ਆਖ਼ਰੀ ਪੜਾਅ ‘ਤੇ ਪਹੁੰਚ ਚੁੱਕੀ ਹੈ। ਖੇਤੀ ਮਾਹਿਰਾਂ ਦੇ ਮੁਤਾਬਕ ਇਸ ਵੇਲੇ ਕਣਕ ਦੀ ਫਸਲ ਕੱਟਾਈ ਦੇ ਨੇੜੇ ਹੈ ਅਤੇ ਕਈ ਥਾਵਾਂ ‘ਤੇ ਦਾਣਾ ਪੂਰੀ ਤਰ੍ਹਾਂ ਭਰ ਚੁੱਕਾ ਹੈ। ਜੇਕਰ ਇਸ ਦੌਰਾਨ ਤੇਜ਼ ਝੱਖੜ ਜਾਂ ਗੜੇਮਾਰੀ ਹੁੰਦੀ ਹੈ ਤਾਂ ਫ਼ਸਲ ਡਿੱਗਣ ਦਾ ਖ਼ਤਰਾ ਬਣ ਜਾਵੇਗਾ ਹੈ, ਜਿਸ ਨਾਲ ਪੈਦਾਵਾਰ ’ਤੇ ਗੰਭੀਰ ਅਸਰ ਪੈ ਸਕਦਾ ਹੈ। ਪਿਛਲੇ ਦਿਨਾਂ ’ਚ ਵੀ ਕੁਝ ਥਾਵਾਂ ’ਤੇ ਪਿਆ ਮੀਂਹ ਤੇ ਗੜੇਮਾਰੀ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਸੀ ਅਤੇ ਕਈ ਖੇਤਾਂ ’ਚ ਫਸਲ ਨੂੰ ਨੁਕਸਾਨ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਕਿਸਾਨਾਂ ਦਾ ਕਹਿਣਾ ਹੈ ਕਿ ਮਿਹਨਤ ਨਾਲ ਤਿਆਰ ਕੀਤੀ ਫ਼ਸਲ ਹੁਣ ਪੱਕਣ ਨੇੜੇ ਹੈ ਅਤੇ ਇਸ ਸਮੇਂ ਮੌਸਮ ਦੀ ਮਾਰ ਉਨ੍ਹਾਂ ਲਈ ਵੱਡੀ ਚਿੰਤਾ ਦਾ ਕਾਰਨ ਬਣੀ ਹੋਈ ਹੈ। ਬਠਿੰਡਾ ਇਲਾਕੇ ਦੇ ਕੁਝ ਕਿਸਾਨਾਂ ਨੇ ਦੱਸਿਆ ਕਿ ਜੇਕਰ ਗੜੇਮਾਰੀ ਜਾਂ ਤੇਜ਼ ਝੱਖੜ ਆਉਂਦਾ ਹੈ ਤਾਂ ਫਸਲ ਧਰਤੀ ’ਤੇ ਡਿੱਗ ਸਕਦੀ ਹੈ ਅਤੇ ਦਾਣਾ ਵੀ ਖਰਾਬ ਹੋ ਸਕਦਾ ਹੈ, ਜਿਸ ਨਾਲ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪਵੇਗਾ।
-ਬਾਕਸ-
ਮੌਸਮ ਵਿਭਾਗ ਅਨੁਸਾਰ ਅਗਲੇ ਚਾਰ ਪੰਜ ਦਿਨ ਬਿਜਲੀ ਦੀ ਗਰਜ, ਚਮਕ ਨਾਲ ਗੜੇਮਾਰੀ ਤੇ ਤੇਜ਼ ਝੱਖੜ ਆ ਸਕਦਾ ਹੈ। ਵਿਭਾਗ ਅਨੁਸਾਰ 20 ਤੇ 21 ਮਾਰਚ ਨੂੰ ਦੋ ਐੱਮਐੱਮ ਮੀਂਹ ਵੀ ਪੈ ਸਕਦਾ ਹੈ। ਇਨ੍ਹਾਂ ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ 25 ਤੋਂ 26 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਤਾਪਮਾਨ 10 ਤੋਂ 12 ਡਿਗਰੀ ਸੈਲਸੀਅਸ ਵਿਚਕਾਰ ਰਹਿ ਸਕਦਾ ਹੈ। ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਤੇ ਘੱਟ ਤੋਂ ਘੱਟ ਤਾਪਮਾਨ 11.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਮੌਸਮ ਦੀ ਤਾਜ਼ਾ ਜਾਣਕਾਰੀ ’ਤੇ ਨਜ਼ਰ ਰੱਖਣ ਤੇ ਫ਼ਸਲ ਨੂੰ ਪਾਣੀ ਨਾਂ ਦੇਣ। ਇਸਖੇਤਰ ਦੇ ਕਿਸਾਨ ਇਸ ਵੇਲੇ ਮੌਸਮ ਦੇ ਰੁਖ ‘ਤੇ ਨਿਗਾਹਾਂ ਟਿਕਾਈ ਬੈਠੇ ਹਨ। ਜੇਕਰ ਅਗਲੇ ਕੁਝ ਦਿਨਾਂ ’ਚ ਗੜੇਮਾਰੀ ਤੇ ਤੇਜ਼ ਝੱਖੜ ਆਉਂਦਾ ਹੈ ਤਾਂ ਇਸ ਦਾ ਸਿੱਧਾ ਅਸਰ ਕਣਕ ਦੀ ਪੈਦਾਵਾਰ ‘ਤੇ ਪੈ ਸਕਦਾ ਹੈ। ਇਸ ਕਰਕੇ ਕਿਸਾਨਾਂ ਦੀ ਚਿੰਤਾ ਬਣੀ ਹੋਈ ਹੈ ਤੇ ਉਹ ਚੰਗੇ ਮੌਸਮ ਦੀ ਆਸ ਕਰ ਰਹੇ ਹਨ।