ਝਪਟਮਾਰੀ ਦੀਆਂ ਘਟਨਾਵਾਂ ਦੀ ਪੁਲਿਸ ਕਰ ਰਹੀ ਜਾਂਚ
ਵੱਖ ਵੱਖ ਥਾਵਾਂ ’ਤੇ ਵਾਪਰੀਆਂ ਝਪਟਮਾਰੀ ਦੀਆਂ ਘਟਨਾਵਾਂ, ਪੁਲਿਸ ਜਾਂਚ ’ਚ ਜੁਟੀ
Publish Date: Mon, 16 Mar 2026 09:15 PM (IST)
Updated Date: Tue, 17 Mar 2026 04:13 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਸਥਾਨਕ ਸ਼ਹਿਰ ਵਿਚ ਝਪਟਮਾਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਸੋਮਵਾਰ ਨੂੰ ਥਾਣਾ ਕੋਤਵਾਲੀ ਖੇਤਰ ’ਚ ਦਿਨ ਦਿਹਾੜੇ ਦੋ ਵੱਖ-ਵੱਖ ਥਾਵਾਂ ’ਤੇ ਝਪਟਮਾਰੀ ਦੀਆਂ ਵਾਰਦਾਤਾਂ ਸਾਹਮਣੇ ਆਈਆਂ। ਪਹਿਲੀ ਘਟਨਾ ਅਮਰੀਕ ਸਿੰਘ ਰੋਡ ਨੇੜੇ ਕਲਕੱਤੇ ਵਾਲੀ ਗਲੀ ਵਿਚ ਦੁਪਹਿਰੇ 3 ਵਜੇ ਵਾਪਰੀ। ਜਾਣਕਾਰੀ ਮੁਤਾਬਕ ਇਕ ਮਹਿਲਾ ਆਪਣੀ ਦੁਕਾਨ ’ਤੇ ਬੈਠੀ ਹੋਈ ਸੀ ਤੇ ਦੁਕਾਨ ਦਾ ਕੱਚ ਵਾਲਾ ਦਰਵਾਜ਼ਾ ਲੱਗਾ ਹੋਇਆ ਸੀ। ਇਸ ਦੌਰਾਨ ਇਕ ਨੌਜਵਾਨ ਗਾਹਕ ਬਣ ਕੇ ਦੁਕਾਨ ਵਿਚ ਦਾਖ਼ਲ ਹੋਇਆ ਅਤੇ ਬੱਚਿਆਂ ਦੇ ਕਪੜੇ ਵਿਖਾਉਣ ਲਈ ਕਹਿਣ ਲੱਗਾ। ਮਹਿਲਾ ਨੇ ਉਸ ਨੂੰ ਕੱਪੜੇ ਵਿਖਾਉਣ ਲੱਗੀ। ਨੌਜਵਾਨ ਨੇ ਉਸ ਦੇ ਕੰਨਾਂ ਦੀਆਂ ਵਾਲ਼ੀਆਂ ਝਪਟ ਲਈਆਂ ਤੇ ਫਰਾਰ ਹੋ ਗਿਆ। ਦੁਕਾਨ ਦੇ ਬਾਹਰ ਉਸ ਦਾ ਇਕ ਸਾਥੀ ਪਹਿਲਾਂ ਤੋਂ ਹੀ ਮੋਟਰਸਾਈਕਲ ’ਤੇ ਖੜ੍ਹਾ ਸੀ। ਦੋਵੇਂ ਨੌਜਵਾਨ ਬਾਈਕ ’ਤੇ ਸਵਾਰ ਹੋ ਕੇ ਭੱਜ ਗਏ। ਅਚਾਨਕ ਹੋਈ ਇਸ ਘਟਨਾ ਨਾਲ ਮਹਿਲਾ ਘਬਰਾ ਗਈ ਤੇ ਆਲੇ-ਦੁਆਲੇ ਦੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਦੂਜੀ ਘਟਨਾ ਸ਼ਾਮ ਕਰੀਬ 6 ਵਜੇ ਸਟੇਡੀਅਮ ਦੇ ਛੋਟੇ ਗੇਟ ਕੋਲ ਗੁਰਦੁਆਰਾ ਸਾਹਿਬ ਦੇ ਨੇੜੇ ਵਾਪਰੀ। ਇੱਥੇ ਇਕ ਕੁੜੀ ਮੋਬਾਈਲ ਫ਼ੋਨ ’ਤੇ ਗੱਲ ਕਰ ਰਹੀ ਸੀ। ਇਸ ਦੌਰਾਨ ਬਾਈਕ ’ਤੇ ਸਵਾਰ ਦੋ ਨੌਜਵਾਨ ਆਏ ਅਤੇ ਝਪਟਾ ਮਾਰ ਕੇ ਕੁੜੀ ਦਾ ਮੋਬਾਈਲ ਫ਼ੋਨ ਖੋਹ ਕੇ ਫਰਾਰ ਹੋ ਗਏ। ਆਲੇ-ਦੁਆਲੇ ਮੌਜੂਦ ਲੋਕਾਂ ਨੇ ਝਪਟਮਾਰਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਦੋਸ਼ੀ ਤੇਜ਼ ਰਫ਼ਤਾਰ ਬਾਈਕ ’ਤੇ ਭੱਜਣ ’ਚ ਕਾਮਯਾਬ ਰਹੇ। ਪੀੜਤ ਕੁੜੀ ਦੇ ਪਿਤਾ ਰਣਦੀਪ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਉਸ ਸਮੇਂ ਉਨ੍ਹਾਂ ਨਾਲ ਫ਼ੋਨ ’ਤੇ ਗੱਲ ਕਰ ਰਹੀ ਸੀ। ਇਸੇ ਦੌਰਾਨ ਦੋ ਨੌਜਵਾਨ ਬਾਈਕ ’ਤੇ ਆਏ ਅਤੇ ਉਸ ਦਾ ਮੋਬਾਈਲ ਖੋਹ ਕੇ ਫਰਾਰ ਹੋ ਗਏ। ਦੋਵਾਂ ਘਟਨਾਵਾਂ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ ਤਾਂ ਜੋ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।