ਭਵਿੱਖੀ ਚੋਣਾਂ ’ਚ ਔਰਤਾਂ ਨੂੰ 40 ਟਿਕਟਾਂ ਦੇਵੇਗੀ ਅਧਿਕਾਰ ਸੰਘਰਸ਼ ਪਾਰਟੀ : ਭਾਈਰੂਪਾ
2027 ਦੀਆਂ ਚੋਣਾਂ ਵਿਚ ਔਰਤਾਂ ਨੂੰ ਕਰੀਬ 40 ਟਿਕਟਾਂ ਦੇਵੇਗੀ ਅਧਿਕਾਰ ਸੰਘਰਸ਼ ਪਾਰਟੀ: ਮੱਖਣ ਸਿੰਘ ਭਾਈਰੂਪਾ
Publish Date: Mon, 16 Mar 2026 06:53 PM (IST)
Updated Date: Tue, 17 Mar 2026 04:10 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਅਧਿਕਾਰ ਸੰਘਰਸ਼ ਪਾਰਟੀ ਦੇ ਕੌਮੀ ਜਨਰਲ ਸਕੱਤਰ ਮੱਖਣ ਸਿੰਘ ਭਾਈਰੂਪਾ ਨੇ ਕਿਹਾ ਕਿ ਪਾਰਟੀ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਔਰਤਾਂ ਨੂੰ ਵੱਡੀ ਭਾਗੀਦਾਰੀ ਦੇਣ ਦੇ ਉਦੇਸ਼ ਨਾਲ ਕਰੀਬ 40 ਟਿਕਟਾਂ ਅਲਾਟ ਕਰੇਗੀ। ਉਨ੍ਹਾਂ ਕਿਹਾ ਕਿ ਪਾਰਟੀ ਸ਼ੁਰੂ ਤੋਂ ਹੀ ਔਰਤਾਂ ਨੂੰ ਸਮਾਜ ਵਿਚ ਬਰਾਬਰ ਦਾ ਸਨਮਾਨ ਅਤੇ ਹੱਕ ਦਿਵਾਉਣ ਲਈ ਵਚਨਬੱਧ ਹੈ। ਇਕ ਸਾਲ ਪਹਿਲਾਂ 8 ਮਾਰਚ 2025 ਨੂੰ ਕੌਮਾਂਤਰੀ ਮਹਿਲਾ ਦਿਵਸ ਮੌਕੇ ਪਾਰਟੀ ਦਾ ਆਗਾਜ਼ ਪੰਜਾਬ ਪ੍ਰੈੱਸ ਕਲੱਬ ਜਲੰਧਰ ਤੋਂ ਕੀਤਾ ਗਿਆ ਸੀ। ਇਸ ਦਾ ਮੁੱਖ ਉਦੇਸ਼ ਔਰਤ ਵਰਗ ਨੂੰ ਸਮਾਜਿਕ ਅਤੇ ਰਾਜਨੀਤਿਕ ਪੱਧਰ ’ਤੇ ਬਰਾਬਰੀ ਦਾ ਦਰਜਾ ਦੇਣਾ ਸੀ। ਇਸ ਸਾਲ ਪਾਰਟੀ ਵੱਲੋਂ ਆਪਣਾ ਪਹਿਲਾ ਸਲਾਨਾ ਸਥਾਪਨਾ ਦਿਵਸ ਤੇ ਕੌਮਾਂਤਰੀ ਮਹਿਲਾ ਦਿਵਸ 8 ਮਾਰਚ 2026 ਨੂੰ ਟੀਚਰ ਹੋਮ ਬਠਿੰਡਾ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਮੱਖਣ ਸਿੰਘ ਭਾਈਰੂਪਾ ਨੇ ਦੱਸਿਆ ਕਿ 8 ਵਿਧਾਨ ਸਭਾ ਹਲਕਿਆਂ ਵਿੱਚੋਂ 6 ਹਲਕਿਆਂ ਦੇ ਇੰਚਾਰਜ ਮਹਿਲਾਵਾਂ ਨੂੰ ਅਤੇ 2 ਹਲਕਿਆਂ ਦੇ ਇੰਚਾਰਜ ਮਰਦ ਆਗੂਆਂ ਨੂੰ ਨਿਯੁਕਤ ਕੀਤਾ ਗਿਆ ਹੈ। ਪੰਜਾਬ ਦੀਆਂ ਰਿਵਾਇਤੀ ਰਾਜਨੀਤਿਕ ਪਾਰਟੀਆਂ ਨੇ ਅੱਜ ਤੱਕ ਔਰਤਾਂ ਨੂੰ ਯੋਗ ਮੌਕਾ ਨਹੀਂ ਦਿੱਤਾ, ਪਰ ਅਧਿਕਾਰ ਸੰਘਰਸ਼ ਪਾਰਟੀ 2027 ਦੀਆਂ ਚੋਣਾਂ ’ਚ ਲਗਭਗ 35 ਫੀਸਦੀ ਟਿਕਟਾਂ ਔਰਤਾਂ ਨੂੰ ਦੇ ਕੇ ਉਨ੍ਹਾਂ ਦੀ ਰਾਜਨੀਤਿਕ ਭਾਗੀਦਾਰੀ ਯਕੀਨੀ ਬਣਾਏਗੀ। ਉਨ੍ਹਾਂ ਐਲਾਨ ਕੀਤਾ ਕਿ ਜੇਕਰ 2027 ਵਿਚ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਆਰਥਿਕ ਤੌਰ ’ਤੇ ਪੱਛੜੀਆਂ 10ਵੀਂ ਅਤੇ 12ਵੀਂ ਪਾਸ ਮਹਿਲਾਵਾਂ ਨੂੰ ਸਮਾਜ ਵਿਚ ਮਜ਼ਬੂਤੀ ਨਾਲ ਖੜ੍ਹਾ ਕਰਨ ਲਈ ਹਰ ਸਾਲ ਇਕ ਲੱਖ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ। ਇਸ ਨਾਲ ਹੀ ਬੇਜ਼ਮੀਨੇ ਲੋਕਾਂ ਨੂੰ ਲੈਂਡ ਸੀਲਿੰਗ ਸੁਧਾਰ ਐਕਟ 1972 ਤਹਿਤ 5-5 ਕਿਲੇ ਮਾਲਕੀ ਜ਼ਮੀਨ ਅਲਾਟ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਬਜ਼ੁਰਗਾਂ, ਵਿਧਵਾਵਾਂ ਤੇ ਅੰਗਹੀਣਾਂ ਲਈ ਵੀ ਵਿਸ਼ੇਸ਼ ਯੋਜਨਾਵਾਂ ਬਣਾਈਆਂ ਗਈਆਂ ਹਨ। ਇਸ ਤਹਿਤ ਉਨ੍ਹਾਂ ਨੂੰ 5100 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ। ਸਿਹਤ ਤੇ ਸਿੱਖਿਆ ਪ੍ਰਣਾਲੀ ਨੂੰ ਵੀ ਮਜ਼ਬੂਤ ਕਰਨ ਲਈ ਢੁੱਕਵੇਂ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਪਾਰਟੀ ਦੀ ਸਰਕਾਰ ਬਣਨ ’ਤੇ ਮੰਡਲ ਕਮਿਸ਼ਨ ਰਿਪੋਰਟ ਅਤੇ 85ਵੀਂ ਸੰਵਿਧਾਨਕ ਸੋਧ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪੰਜਾਬ ਵਿਚ ਗ਼ਰੀਬੀ ਅਤੇ ਨਸ਼ਿਆਂ ਦੇ ਖ਼ਾਤਮੇ ਲਈ ਵੀ ਢੁੱਕਵੇਂ ਅਤੇ ਸਖ਼ਤ ਕਦਮ ਚੁੱਕੇ ਜਾਣਗੇ।