- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਸੁਧਾਰ ਟਰੱਸਟ ਵੱਲੋਂ ਪਲਾਟਾਂ ਦੀ 5 ਫੀਸਦੀ ਰਕਮ ਦੀ ਵਾਪਸੀ ਸ਼ੁਰੂ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ਦੇ ਗੋਨਿਆਣਾ ਰੋਡ ‘ਤੇ ਬਣ ਰਹੀ ਸ਼ਹੀਦ ਭਗਤ ਸਿੰਘ ਇਨਕਲੇਵ ਨਾਲ ਸਬੰਧਤ ਅਰਜ਼ੀਕਾਰਾਂ ਨੂੰ ਨਗਰ ਸੁਧਾਰ ਟਰੱਸਟ ਆਰਨਿਸਟ ਰਾਸ਼ੀ ਵਾਪਸ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਲੋਕਾਂ ਦੇ ਪਲਾਟ ਡਰਾਅ ਰਾਹੀਂ ਨਹੀਂ ਨਿਕਲੇ, ਉਨ੍ਹਾਂ ਨੂੰ ਜਮ੍ਹਾ ਕਰਵਾਈ ਗਈ ਪੰਜ ਫੀਸਦੀ ਰਕਮ ਵਾਪਸ ਕਰਨ ਦੀ ਪ੍ਰਕਿਰਿਆ ਟਰੱਸਟ ਵੱਲੋਂ ਸ਼ੁਰੂ ਕਰ ਦਿੱਤੀ ਹੈ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਦੱਸਿਆ ਕਿ ਸੋਮਵਾਰ ਨੂੰ ਪਹਿਲੇ ਪੜਾਅ ਤਹਿਤ ਕਰੀਬ 200 ਅਰਜ਼ੀਕਾਰਾਂ ਦੇ ਬੈਂਕ ਖਾਤਿਆਂ ’ਚ ਬਣਦੀ ਰਕਮ ਟਰਾਂਸਫਰ ਕਰ ਦਿੱਤੀ ਗਈ ਹੈ। ਇਹ ਪ੍ਰਕਿਰਿਆ ਲਗਾਤਾਰ ਜਾਰੀ ਰਹੇਗੀ ਤੇ 31 ਮਾਰਚ ਤਕ ਸਾਰੇ ਯੋਗ ਅਰਜ਼ੀਕਾਰਾਂ ਦੇ ਖਾਤਿਆਂ ’ਚ ਉਨ੍ਹਾਂ ਦੀ ਜਮ੍ਹਾਂ ਰਕਮ ਵਾਪਸ ਭੇਜ ਦਿੱਤੀ ਜਾਵੇਗੀ। ਭੱਲਾ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਇਨਕਲੇਵ ਸਕੀਮ ਲਈ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਦਿਲਚਸਪੀ ਦਿਖਾਈ ਗਈ ਸੀ। ਇਸ ਸਕੀਮ ਤਹਿਤ ਲਗਭਗ 4 ਹਜ਼ਾਰ ਲੋਕਾਂ ਨੇ ਪਲਾਟਾਂ ਲਈ ਅਰਜ਼ੀਆਂ ਦਿੱਤੀਆਂ ਸਨ। ਹਾਲਾਂਕਿ ਸਕੀਮ ਅਧੀਨ ਕੇਵਲ 116 ਪਲਾਟ ਡਰਾਅ ਪ੍ਰਣਾਲੀ ਰਾਹੀਂ ਦਿੱਤੇ ਗਏ ਹਨ। ਡਰਾਅ ’ਚ ਜਿਨ੍ਹਾਂ ਅਰਜ਼ੀਕਾਰਾਂ ਦੇ ਨਾਂ ਨਹੀਂ ਨਿਕਲੇ, ਉਨ੍ਹਾਂ ਦੀ ਪੰਜ ਫੀਸਦੀ ਰਜਿਸਟ੍ਰੇਸ਼ਨ ਫੀਸ ਹੁਣ ਵਾਪਸ ਕੀਤੀ ਜਾ ਰਹੀ ਹੈ। ਨਗਰ ਸੁਧਾਰ ਟਰੱਸਟ ਦੀ ਕੋਸ਼ਿਸ਼ ਹੈ ਕਿ ਪੂਰੀ ਪ੍ਰਕਿਰਿਆ ਪਾਰਦਰਸ਼ੀ ਤੇ ਸੁਚਾਰੂ ਢੰਗ ਨਾਲ ਪੂਰੀ ਕੀਤੀ ਜਾਵੇ। ਇਸ ਲਈ ਰਕਮ ਸਿੱਧੀ ਅਰਜ਼ੀਕਾਰਾਂ ਦੇ ਬੈਂਕ ਖਾਤਿਆਂ ’ਚ ਆਨਲਾਈਨ ਟਰਾਂਸਫਰ ਕੀਤੀ ਜਾ ਰਹੀ ਹੈ, ਤਾਂ ਜੋ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦਫ਼ਤਰੀ ਦੌੜ-ਭੱਜ ਨਾ ਕਰਨੀ ਪਵੇ। ਚੇਅਰਮੈਨ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਇਨਕਲੇਵ ਕਾਲੋਨੀ ਗੋਨਿਆਣਾ ਰੋਡ ’ਤੇ ਕਰੀਬ 32 ਏਕੜ ਰਕਬੇ ਵਿੱਚ ਵਿਕਸਤ ਕੀਤੀ ਜਾ ਰਹੀ ਹੈ। ਇਸ ਕਾਲੋਨੀ ’ਚ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਦੀ ਯੋਜਨਾ ਹੈ, ਜਿਸ ’ਚ ਪੱਕੀਆਂ ਸੜਕਾਂ, ਸਟਰੀਟ ਲਾਈਟਾਂ, ਸੀਵਰੇਜ ਪ੍ਰਣਾਲੀ, ਪੀਣ ਵਾਲੇ ਪਾਣੀ ਦੀ ਸੁਵਿਧਾ ਤੇ ਹਰੇ-ਭਰੇ ਪਾਰਕ ਸ਼ਾਮਲ ਕੀਤੇ ਜਾਣਗੇ। ਇਸ ਸਕੀਮ ਦਾ ਮੁੱਖ ਉਦੇਸ਼ ਸ਼ਹਿਰ ਦੇ ਲੋਕਾਂ ਨੂੰ ਯੋਜਨਾਬੱਧ ਤੇ ਸੁਵਿਧਾਜਨਕ ਰਿਹਾਇਸ਼ੀ ਇਲਾਕਾ ਮੁਹੱਈਆ ਕਰਵਾਉਣਾ ਹੈ। ਭਵਿੱਖ ’ਚ ਵੀ ਨਗਰ ਸੁਧਾਰ ਟਰੱਸਟ ਵੱਲੋਂ ਇਸ ਤਰ੍ਹਾਂ ਦੀਆਂ ਹੋਰ ਹਾਊਸਿੰਗ ਸਕੀਮਾਂ ਲਿਆਂਦੀਆਂ ਜਾਣਗੀਆਂ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਘਰ ਬਣਾਉਣ ਲਈ ਪਲਾਟ ਮਿਲ ਸਕਣ। ਉਨ੍ਹਾਂ ਅਰਜ਼ੀਕਾਰਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਰਕਮ ਵਾਪਸੀ ਸਬੰਧੀ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਨਗਰ ਸੁਧਾਰ ਟਰੱਸਟ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਟਰੱਸਟ ਦੇ ਅਧਿਕਾਰੀ ਉਨ੍ਹਾਂ ਦੀ ਸਮੱਸਿਆ ਦਾ ਤੁਰੰਤ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਟਰੱਸਟ ਦੀ ਕੋਸ਼ਿਸ਼ ਹੈ ਕਿ ਲੋਕਾਂ ਦਾ ਭਰੋਸਾ ਬਣਾਈ ਰੱਖਿਆ ਜਾਵੇ ਤੇ ਹਰ ਯੋਜਨਾ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕੀਤਾ ਜਾਵੇ। ਇਸ ਲਈ ਸਾਰੇ ਬਾਕੀ ਰਹਿੰਦੇ ਅਰਜ਼ੀਕਾਰਾਂ ਨੂੰ 31 ਮਾਰਚ ਤੱਕ ਉਨ੍ਹਾਂ ਦੀ ਰਕਮ ਵਾਪਸ ਕਰ ਦਿੱਤੀ ਜਾਵੇਗੀ।