ਈਰਾਨ ’ਤੇ ਹਮਲੇ ਖ਼ਿਲਾਫ਼ ਰਾਮਪੁਰਾ ’ਚ ਰੋਸ ਮੁਜ਼ਾਹਰਾ
ਈਰਾਨ ਉੱਤੇ ਅਮਰੀਕਾ-ਇਜ਼ਰਾਈਲ ਹਮਲੇ ਖ਼ਿਲਾਫ਼ ਰਾਮਪੁਰਾ ਵਿਚ ਰੋਸ ਪ੍ਰਦਰਸ਼ਨ
Publish Date: Mon, 16 Mar 2026 05:56 PM (IST)
Updated Date: Tue, 17 Mar 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਮਪੁਰਾ : ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਉੱਤੇ ਕੀਤੇ ਹਮਲਿਆਂ ਦੇ ਖ਼ਿਲਾਫ਼ ਅੱਜ ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਰਾਮਪੁਰਾ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਗਿਆ। ਮੁਜ਼ਾਹਰਾਕਾਰੀਆਂ ਨੇ ਜੰਗ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਅਮਰੀਕੀ ਤੇ ਇਜ਼ਰਾਇਲੀ ਨੀਤੀਆਂ ਦੀ ਨਿਖੇਧੀ ਕੀਤੀ। ਰੋਸ ਮਾਰਚ ਤੋਂ ਪਹਿਲਾਂ ਸਥਾਨਕ ਸ਼ਹੀਦ ਬੇਰੁਜ਼ਗਾਰ ਅਧਿਆਪਕ ਯਾਦਗਾਰੀ ਟਰੱਸਟ ਵਿਖੇ ਇਕੱਤਰਤਾ ਕੀਤੀ ਗਈ, ਜਿਸ ’ਚ ਵੱਖ-ਵੱਖ ਤਬਕਿਆਂ ਦੇ ਲੋਕਾਂ ਨੇ ਭਰਵੀਂ ਗਿਣਤੀ ਵਿਚ ਹਿੱਸਾ ਲਿਆ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾਈ ਸਕੱਤਰ ਜਗਮੇਲ ਸਿੰਘ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਆਗੂ ਮੁਖਤਿਆਰ ਪੂਹਲਾ ਨੇ ਕਿਹਾ ਕਿ ਈਰਾਨ ਵੱਲੋਂ ਅਮਰੀਕੀ ਧੌਂਸ ਨੂੰ ਮੰਨਣ ਤੋਂ ਇਨਕਾਰ ਕਰਨ ਕਾਰਨ ਉਹ ਮੱਧ ਪੂਰਬ ’ਚ ਅਮਰੀਕੀ ਸਾਮਰਾਜੀ ਨੀਤੀਆਂ ਲਈ ਵੱਡਾ ਅੜਿੱਕਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਤੇਲ ਸੰਸਾਧਨਾਂ ਨਾਲ ਭਰਪੂਰ ਮੱਧ ਪੂਰਬ ਦੇ ਖੇਤਰ ’ਚ ਅਮਰੀਕਾ ਆਪਣੀ ਹਕੂਮਤ ਅਤੇ ਦਖ਼ਲਅੰਦਾਜ਼ੀ ਕਾਇਮ ਰੱਖਣਾ ਚਾਹੁੰਦਾ ਹੈ ਤੇ ਇਜ਼ਰਾਈਲ ਇਸ ਵਿਚ ਉਸਦਾ ਮੁੱਖ ਸਾਥੀ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ਵੱਲੋਂ ਲੰਮੇ ਸਮੇਂ ਤੋਂ ਈਰਾਨ ਉੱਤੇ ਆਰਥਿਕ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ, ਪਰ ਇਨ੍ਹਾਂ ਦੇ ਬਾਵਜੂਦ ਈਰਾਨ ਡਟਿਆ ਰਿਹਾ। ਆਗੂਆਂ ਨੇ ਦੋਸ਼ ਲਾਇਆ ਕਿ ਹੁਣ ਆਰਥਿਕ ਪਾਬੰਦੀਆਂ ਦੇ ਅਸਰ ਘੱਟ ਹੋਣ ਕਾਰਨ ਅਮਰੀਕਾ ਤੇ ਇਜ਼ਰਾਈਲ ਵੱਲੋਂ ਸਿੱਧੇ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਹਮਲਿਆਂ ਦੌਰਾਨ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਇਹ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਹੈ। ਇਸ ਮੌਕੇ ਲੋਕਾਂ ਨੇ ਜੰਗ ਵਿਰੋਧੀ ਬੈਨਰ, ਤਖਤੀਆਂ ਤੇ ਝੰਡੇ ਲੈ ਕੇ ਸ਼ਹਿਰ ਦੇ ਬਜ਼ਾਰਾਂ ਵਿੱਚੋਂ ਰੋਸ ਮਾਰਚ ਕੱਢਿਆ, ਜੋ ਸ਼ਹੀਦ ਭਗਤ ਸਿੰਘ ਚੌਕ ਤੱਕ ਜਾ ਕੇ ਸਮਾਪਤ ਹੋਇਆ। ਮੁਜ਼ਾਹਰਾਕਾਰੀਆਂ ਨੇ ਮੰਗ ਕੀਤੀ ਕਿ ਈਰਾਨ ਉੱਤੇ ਹੋ ਰਹੇ ਹਮਲੇ ਤੁਰੰਤ ਬੰਦ ਕੀਤੇ ਜਾਣ ਨਾਲ ਹੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਜ਼ਰਾਈਲ ਨਾਲ ਸਾਂਝ ਬੰਦ ਕੀਤੀ ਜਾਵੇ ਤੇ ਅਮਰੀਕੀ ਦਬਾਅ ਅੱਗੇ ਝੁਕਣ ਦੀ ਨੀਤੀ ਛੱਡੀ ਜਾਵੇ। ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਜਗਜੀਤ ਲਹਿਰਾ ਨੇ ਨਿਭਾਈ, ਜਦਕਿ ਮੰਦਰ ਜੱਸੀ ਤੇ ਗੁਰਕੀਰਤ ਔਲਖ ਵੱਲੋਂ ਇਨਕਲਾਬੀ ਕਵਿਸ਼ਰੀ ਪੇਸ਼ ਕੀਤੀ ਗਈ।