ਪਿਛਲੇ 10 ਦਿਨਾਂ ਤੋ ਪਿੰਡ ਕੋਟਗੁਰੂ ਦੇ ਲੋਕ ਪੀਣਯੋਗ ਪਾਣੀ ਨੂੰ ਤਰਸੇ
ਪਿੰਡ ਕੋਟਗੁਰੂ ਦੇ ਲੋਕ ਪਿਛਲੇ 10 ਦਿਨਾਂ ਤੋ ਪੀਣ ਵਾਲੇ ਪਾਣੀ ਦੀ ਬੂੰਦ ਬੂੰਦ ਨੂੰ ਤਰਸੇ
Publish Date: Mon, 16 Mar 2026 05:47 PM (IST)
Updated Date: Tue, 17 Mar 2026 04:07 AM (IST)

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਪਿੰਡ ਕੋਟਗੁਰੂ ਦੇ ਲੋਕ ਪਿਛਲੇ 10 ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ। ਲੋਕਾਂ ਦਾ ਕਹਿਣਾ ਹੈ ਲਗਭਗ ਪਿਛਲੇ ਇਕ ਮਹੀਨੇ ਤੋਂ ਸਬ ਮਾਈਨਰ ਕੋਟਗੁਰੂ ਦੀ ਕੱਸੀ ’ਚ ਪਏ ਪਾੜ ਕਾਰਨ ਵਿਭਾਗ ਵੱਲੋਂ ਉਨ੍ਹਾਂ ਦੇ ਪਿੰਡ ਦੀ ਨਹਿਰੀ ਸਪਲਾਈ ਬੰਦ ਕੀਤੀ ਹੋਈ ਹੈ। ਜ਼ਿਆਦਾ ਸਮਾਂ ਪਾਣੀ ਬੰਦ ਹੋਣ ਕਰਕੇ ਵਾਟਰ ਵਰਕਸ ਦਾ ਸਟੋਰ ਟੈਂਕ ਖਾਲੀ ਹੋ ਗਿਆ ਹੈ। ਜਿਸ ਨਾਲ ਪਿੰਡ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਹੈ। ਪਿੰਡ ਦੇ ਲੋਕਾਂ ਨੇ ਕਿਹਾ ਕਿ ਵਿਭਾਗ ਵੱਲੋਂ ਆਪਣੀਆਂ ਨਾਕਾਮੀਆਂ ਕਾਰਨ ਜਿੱਥੇ ਲੋਕਾਂ ਨੂੰ ਫਸਲਾਂ ਲਈ ਪਿਛਲੇ ਇਕ ਮਹੀਨੇ ਤੋਂ ਪਾਣੀ ਨਹੀਂ ਛੱਡਿਆ ਜਾ ਰਿਹਾ, ਉਥੇ ਵਾਟਰ ਵਰਕਸ ਦਾ ਸਟੋਰ ਟੈਂਕ ਖਾਲੀ ਹੋਣ ਕਰਕੇ ਲੋਕ ਪੀਣਯੋਗ ਪਾਣੀ ਨੂੰ ਵੀ ਤਰਸਣ ਲੱਗੇ ਹਨ। ਕਿਸਾਨ ਆਗੂ ਗੁਰਪ੍ਰੀਤ ਸਿੰਘ, ਸੰਦੀਪ ਸਿੰਘ, ਜਗਮੀਤ ਸਿੰਘ, ਕੁਲਦੀਪ ਸਿੰਘ ਨੇ ਦੱਸਿਆ ਕਿ ਨਹਿਰੀ ਵਿਭਾਗ ਨੂੰ ਵਾਰ-ਵਾਰ ਅਪੀਲ ਕਰਨ ’ਤੇ ਵੀ ਕੱਸੀ ’ਚ ਪਾਣੀ ਨਹੀਂ ਛੱਡਿਆ ਗਿਆ, ਜਿਸ ਕਰਕੇ ਤਿੰਨ ਪਿੰਡਾਂ ਦੇ ਕਿਸਾਨ ਪਿਛਲੇ ਇਕ ਮਹੀਨੇ ਤੋਂ ਵਿਭਾਗ ਨੂੰ ਕਣਕ ਦੀ ਫਸਲ ਖਰਾਬ ਹੋ ਜਾਣ ਦਾ ਵਾਸਤਾ ਪਾ ਰਹੇ ਹਨ ਪਰ ਉਨ੍ਹਾਂ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕੀ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਪੀਣ ਵਾਲਾ ਪਾਣੀ ਨਾ ਮਿਲਣ ਕਰਕੇ ਧਰਤੀ ਹੇਠਲਾ ਨਾ ਪੀਣਯੋਗ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਜਿਸ ਨਾਲ ਭਿਆਨਕ ਬਿਮਾਰੀਆਂ ਲੱਗਣ ਦਾ ਡਰ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਬੰਦ ਕੀਤੀ ਨਹਿਰੀ ਸਪਲਾਈ ਜਲਦੀ ਚਾਲੂ ਕਰਵਾਈ ਜਾਵੇ ਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।